ਨੰਦੁਰਬਾਰ(ਮਹਾਰਾਸ਼ਟਰ), 11 ਮਈ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਤਕਰੀਰਾਂ ਨੂੰ ‘ਖੋਖਲੀਆਂ ਗੱਲਾਂ’ ਦਸਦਿਆਂ ਅੱਜ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਦਲੇਰੀ ਤੇ ਦ੍ਰਿੜਤਾ ਜਿਹੇ ਗੁਣ ਧਾਰਨ ਕਰਨੇ ਚਾਹੀਦੇ ਹਨ। ਮਹਾਰਾਸ਼ਟਰ ਦੇ ਨੰਦੁਰਬਾਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੋਵਾਲ ਪੜਵੀ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਭਾਜਪਾ ’ਤੇ ਆਦਿਵਾਸੀਆਂ ਦੇ ਸਭਿਆਚਾਰ ਤੇ ਰਵਾਇਤਾਂ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ।

ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਮੋਦੀ ਜੀ ਸਿਰਫ਼ ‘ਖੋਖਲੀਆਂ ਗੱਲਾਂ’ ਕਰਦੇ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ। ਬੀਤੇ ਦਿਨ ਉਨ੍ਹਾਂ ਕਿਹਾ ਕਿ ਉਹ ਸ਼ਬਰੀ ਦਾ ਸਤਿਕਾਰ ਕਰਦੇ ਹਨ। ਉਨਾਓ ਦੇ ਹਾਥਰਸ ਵਿਚ ਕਈ ਸ਼ਬਰੀਆਂ ’ਤੇ ਜਦੋਂ ਜ਼ੁਲਮ ਹੋਇਆ ਤਾਂ ਉਦੋਂ ਉਹ (ਮੋਦੀ) ਚੁੱਪ ਕਿਉਂ ਸਨ? ਉਹ ਉਦੋਂ ਮਹਿਲਾ ਪਹਿਲਵਾਨਾਂ ਦੇ ਹੱਕ ’ਚ ਕਿਉਂ ਨਹੀਂ ਖੜ੍ਹੇ ਹੋਏ ਜਦੋਂ ਉਹ ਜਿਨਸੀ ਸ਼ੋਸ਼ਣ ਖਿਲਾਫ਼ ਸੜਕਾਂ ’ਤੇ ਉੱਤਰੀਆਂ ਸਨ, ਪਰ ਭਾਜਪਾ ਨੇ ਮੁਲਜ਼ਮ (ਬ੍ਰਿਜ ਭੂਸ਼ਣ ਸ਼ਰਨ ਸਿੰਘ) ਦੇ ਪੁੱਤਰ ਨੂੰ ਟਿਕਟ ਦਿੱਤੀ।’’ ਪ੍ਰਿਯੰਕਾ ਨੇ ਕਿਹਾ, ‘‘ਤੁਹਾਨੂੰ ਕਿਹੋ ਜਿਹਾ ਆਗੂ ਚਾਹੀਦਾ ਹੈ? ਇਕ ਉਹ ਜੋ ਚਾਰ ਹਜ਼ਾਰ ਕਿਲੋਮੀਟਰ ਚੱਲ ਕੇ ਮੁਸ਼ਕਲਾਂ ਸੁਣਨ/ਸਮਝਣ ਆਉਂਦਾ ਹੈ ਜਾਂ ਉਹ ਆਗੂ ਜਿਸ ਦੇ ਕੁੜਤੇ ’ਤੇ ਤੁਹਾਨੂੰ ਘੱਟੇ-ਮਿੱਟੀ ਦਾ ਇਕ ਵੀ ਦਾਗ਼ ਨਜ਼ਰ ਨਹੀਂ ਆਏਗਾ ਤੇ ਜੋ ਤੁਹਾਡੇ ਕੋਲ ਆਉਣ ਤੋਂ ਡਰਦਾ ਹੈ। ਕੀ ਤੁਹਾਨੂੰ ਹੰਝੂ ਪੂੰਝਣ ਵਾਲਾ ਆਗੂ ਚਾਹੀਦਾ ਹੈ ਜਾਂ ਸਟੇਜ ’ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲਾ? ਕੀ ਤੁਸੀਂ ਬੇਖੌਫ ਆਗੂ ਚਾਹੁੰਦੇ ਹੋ, ਜੋ ਦਬਾਅ ਦੇ ਬਾਵਜੂਦ ਸੱਚ ਬੋਲਦਾ ਹੈ ਜਾਂ ਜਿਹੜਾ ਪੂਰੀ ਤਰ੍ਹਾਂ ਝੂਠ ਬੋਲਦਾ ਹੈ।’’ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਨੰਦੁਰਬਾਰ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਮੇਸ਼ਾ ਇਸੇ ਥਾਂ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਲੋਕਾਂ ਦੀਆਂ ਮੁਸ਼ਕਲਾਂ ਸਮਝਣ ਲਈ ਸਿਰ ਝੁਕਾਅ ਕੇ ਉਨ੍ਹਾਂ ਦੇ ਘਰਾਂ ਵਿਚ ਜਾਂਦੇ ਸਨ ਤੇ ਰਾਹੁਲ ਗਾਂਧੀ ਨੇ ਲੋਕਾਂ ਦੀਆਂ ਇੱਛਾਵਾਂ ਤੇ ਭਾਵਨਾਵਾਂ ਨੂੰ ਸਮਝਣ ਲਈ ਦੇਸ਼ ਭਰ ਦਾ ਗੇੜਾ ਲਾਇਆ। ਪ੍ਰਿਯੰਕਾ ਨੇ ਕਿਹਾ, ‘‘ਇੰਦਰਾ ਗਾਂਧੀ ਤੋਂ ਸਿੱਖੋ…ਦੁਰਗਾ ਜਿਹੀ ਮਹਿਲਾ, ਜਿਸ ਨੇ ਪਾਕਿਸਤਾਨ ਦੇ ਦੋ ਟੋਟੇ ਕਰ ਦਿੱਤੇ। ਉਨ੍ਹਾਂ ਦੀ ਦਲੇਰੀ, ਹਿੰਮਤ ਤੇ ਦ੍ਰਿੜਤਾ ਤੋਂ ਸਬਕ ਸਿੱਖੋ। ਪਰ ਜਦੋਂ ਤੁਸੀਂ ਉਨ੍ਹਾਂ ਨੂੰ ਦੇਸ਼ ਵਿਰੋਧੀ ਕਹਿਦੇ ਹੋ ਤਾਂ ਤੁਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹੋ।’’ -ਪੀਟੀਆਈ

ਮੋਦੀ ’ਤੇ ਆਦਿਵਾਸੀ ਭਾਈਚਾਰੇ ਦਾ ਨਿਰਾਦਰ ਕਰਨ ਦਾ ਦੋਸ਼

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ, ਜੋ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹਨ, ਨੂੰ ਨਾ ਤਾਂ ਨਵੀਂ ਸੰਸਦ ਦੇ ਉਦਘਾਟਨ ਦੀ ਇਜਾਜ਼ਤ ਦਿੱਤੀ ਗਈ ਤੇ ਨਾ ਹੀ ਅਯੁੱਧਿਆ ਵਿਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਵਿਚ ਸ਼ਾਮਲ ਹੋਣ ਦਿੱਤਾ ਗਿਆ। ਜਦੋਂ ਅਸਲ ਵਿਚ ਸਤਿਕਾਰ ਦੇਣ ਦੀ ਗੱਲ ਆਉਂਦੀ ਹੈ ਤਾਂ ਮੋਦੀ ਜੀ ਭੱਜ ਜਾਂਦੇ ਹਨ।’’ ਪ੍ਰਿਯੰਕਾ ਨੇ ਕਿਹਾ, ‘‘ਮੋਦੀ ਜੀ ਕਹਿੰਦੇ ਹਨ ਕਿ ਉਹ ਇਕੱਲੇ ਭ੍ਰਿਸ਼ਟਾਚਾਰ ਖਿਲਾਫ਼ ਲੜ ਰਹੇ ਹਨ…ਤੁਹਾਡੇ ਕੋਲ ਸਾਰੀ ਤਾਕਤ ਤੇ ਸਰਕਾਰੀ ਮਸ਼ੀਨਰੀ ਹੈ। ਤੁਹਾਡੇ ਪਾਰਟੀ ਆਗੂ ਕਹਿੰਦੇ ਹਨ ਕਿ ਆਲਮੀ ਪੱਧਰ ’ਤੇ ਤੁਸੀਂ ਵੱਡੇ ਆਗੂ ਹੋ, ਜਿਸ ਨੂੰ ਹੋਰਨਾਂ ਮੁਲਕਾਂ ਦੇ ਮੁਖੀਆਂ ਦੀ ਹਮਾਇਤ ਹਾਸਲ ਹੈ…ਚੋਣਾਂ ਦੌਰਾਨ ਤੁਸੀਂ ਇਕ ਬੱਚੇ ਵਾਂਗ ਰੋਂਦੇ ਹੋ ਕੇ ਤੁਹਾਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ…ਮੋਦੀ ਜੀ ਥੋੜ੍ਹੀ ਹਿੰਮਤ ਰੱਖੋ, ਇਹ ਜਨਤਕ ਜੀਵਨ ਹੈ।’’

LEAVE A REPLY

Please enter your comment!
Please enter your name here