ਦਵਿੰਦਰ ਸਿੰਘ

ਯਮੁਨਾਨਗਰ, 29 ਫਰਵਰੀ

ਨੇੜਲੇ ਤਾਜ ਫਾਰਮ ਪਿੰਡ ਬਲਾਚੌਰ ਕੋਲ ਕੌਮੀ ਮਾਰਗ ’ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਬੇਕਾਬੂ ਹੋਏ ਟਰੱਕ ਨੇ ਤਿੰਨ ਜਾਨਾਂ ਲੈ ਲਈਆਂ। ਪੁਲੀਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮਨੀਸ਼ ਕੁਮਾਰ ਵਾਸੀ ਝੰਡਾ ਚੌਕ ਜਗਾਧਰੀ ਨੇ ਦੱਸਿਆ ਕਿ ਉਹ ਫੋਟੋਗ੍ਰਾਫਰ ਦਾ ਕੰਮ ਕਰਦਾ ਹੈ। ਲੰਘੀ ਰਾਤ ਤਾਜ ਫਾਰਮ ਪੈਲੇਸ ’ਚ ਇੱਕ ਵਿਆਹ ਸਮਾਗਮ ਲਈ ਉਹ ਆਪਣੇ ਦੋਸਤਾਂ ਕਰਨ ਵਾਸੀ ਗੁਲਾਬ ਨਗਰ ਅਤੇ ਸ਼ਿਵ ਪੂਜਨ ਵਾਸੀ ਦੁਧਲਾ ਮੰਡੀ, ਅੰਬਾਲਾ ਨਾਲ ਫੋਟੋਗ੍ਰਾਫੀ ਕਰਨ ਲਈ ਆਇਆ ਸੀ।

ਬਰਾਤ ਆਉਣ ਤੋਂ ਬਾਅਦ ਰਾਤ ਕਰੀਬ 8.30 ਵਜੇ ਤਿੰਨੇ ਫੋਟੋਗ੍ਰਾਫਰ ਪੈਲੇਸ ਦੇ ਬਾਹਰ ਸੜਕ ਕਿਨਾਰੇ ਵੀਡੀਓ ਬਣਾ ਰਹੇ ਸਨ ਜਦੋਂਕਿ ਕਾਂਸਾਪੁਰ ਦਾ ਰਹਿਣ ਵਾਲਾ ਅਰੁਣ ਕੁਮਾਰ, ਜੋ ਵਿਆਹ ਵਿੱਚ ਪਟਾਕੇ ਚਲਾਉਣ ਆਇਆ ਸੀ, ਉਹ ਵੀ ਉਨ੍ਹਾਂ ਦੇ ਕੋਲ ਹੀ ਖੜ੍ਹਾ ਸੀ। ਉਸੇ ਵੇਲੇ ਛਛਰੌਲੀ ਵਾਲੇ ਪਾਸਿਓਂ ਤੇਜ਼ ਰਫ਼ਤਾਰ ਇੱਕ ਟਰੱਕ ਆਇਆ। ਦੋਸ਼ ਹੈ ਕਿ ਡਰਾਈਵਰ ਨੇ ਲਾਪ੍ਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਤਾਜ ਫਾਰਮ ਨੇੜੇ ਸਾਹਮਣੇ ਤੋਂ ਆ ਰਹੇ ਟਰਾਲੇ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਗਿਆ ਤੇ ਤੇਜ਼ ਰਫ਼ਤਾਰ ਨਾਲ ਉਸ ਦੇ ਸਾਥੀ ਕਰਨ, ਸ਼ਿਵ ਪੂਜਨ ਅਤੇ ਪਟਾਕੇ ਚਲਾ ਰਹੇ ਅਰੁਣ ਕੁਮਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ’ਚ ਤਿੰਨੋਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਅਤੇ ਆਸ-ਪਾਸ ਦੇ ਰਾਹਗੀਰਾਂ ਦੀ ਭੀੜ ਲੱਗ ਗਈ। ਲੋਕਾਂ ਨੇ ਦੋਸ਼ੀ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ।

ਮੁਲਜ਼ਮ ਦੀ ਪਛਾਣ ਸਰਵਜੀਤ ਉਰਫ਼ ਸੋਨੂੰ ਵਾਸੀ ਪਿੰਡ ਖਾਰਵਨ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਛਛਰੌਲੀ ਥਾਣੇ ਦੀ ਟੀਮ ਮੌਕੇ ’ਤੇ ਪਹੁੰਚੀ, ਜਿਨ੍ਹਾਂ ਨੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਯਮੁਨਾਨਗਰ ਪਹੁੰਚਾਇਆ।

LEAVE A REPLY

Please enter your comment!
Please enter your name here