ਮਾਲੇ, 21 ਅਪਰੈਲ

ਇੱਥੇ ਅੱਜ ਹੋਈਆਂ ਸੰਸਦੀ ਚੋਣਾਂ ਵਿੱਚ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਪਾਰਟੀ ਪੀਪਲਜ਼ ਨੈਸ਼ਨਲ ਕਾਂਗਰਸ 60 ਤੋਂ ਵੱਧ ਸੀਟਾਂ ’ਤੇ ਅੱਗੇ ਚੱਲਦੀ ਹੋਈ ਬਹੁਮੱਤ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ। ਇਹ ਚੋਣਾਂ ਮੁਇਜ਼ੂ ਲਈ ਕਾਫੀ ਅਹਿਮ ਹਨ, ਜਿਨ੍ਹਾਂ ਦੀਆਂ ਨੀਤੀਆਂ ’ਤੇ ਮਾਲਦੀਵ ਵਿੱਚ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਭਾਰਤ ਤੇ ਚੀਨ ਦੀ ਨਜ਼ਰ ਰਹਿੰਦੀ ਹੈ। ਸਥਾਨਕ ਪੋਰਟਲ ‘ਅਧਾਧੂ ਡਾਟ ਕਾਮ’ ਦੀ ਖ਼ਬਰ ਮੁਤਾਬਕ ਮੁਇਜ਼ੂ ਦੀ ਅਗਵਾਈ ਹੇਠਲੀ ਪੀਐੱਨਸੀ ਨੂੰ 60 ਤੋਂ ਵੱਧ ਸੀਟਾਂ, ਮਾਲਦੀਵੀਅਨ ਡੈਮੋਕਰੈਟਿਕ ਪਾਰਟੀ ਨੂੰ 12 ਸੀਟਾਂ ਅਤੇ ਆਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ਮਿਲਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਮਾਲਦੀਵ ਡਿਵੈਲਪਮੈਂਟ ਅਲਾਇੰਸ ਤੇ ਜਮਹੂਰੀ ਪਾਰਟੀ ਨੂੰ ਇਕ-ਇਕ ਸੀਟ ਮਿਲ ਸਕਦੀ ਹੈ। 20ਵੀਂ ਪੀਪਲਜ਼ ਮਜਲਿਸ (ਸੰਸਦ) ਲਈ ਵੋਟਿੰਗ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈ। ਵੋਟਿੰਗ ਖ਼ਤਮ ਹੁੰਦੇ ਹੀ ਚੋਣ ਅਧਿਕਾਰੀਆਂ ਨੇ ਦੇਸ਼ ਭਰ ਵਿੱਚ ਬੈਲਟ ਪੇਪਰਾਂ ਵਾਲੀਆਂ ਪੇਟੀਆਂ ਸੀਲ ਕਰ ਦਿੱਤੀਆਂ ਸਨ। -ਏਪੀ

LEAVE A REPLY

Please enter your comment!
Please enter your name here