ਮਹਿੰਦਰ ਸਿੰਘ ਰੱਤੀਆਂ

ਮੋਗਾ, 10 ਮਈ

ਫ਼ਰੀਦਕੋਟ ਰਾਖਵਾਂ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਅੰਦਰ ਦਲਿਤ ਪਿਆਰ ਉਬਾਲੇ ਮਾਰਨ ਲੱਗਾ ਹੈ। ਉਹ ਅਣਸੁਖਾਵੇਂ ਹਾਲਾਤਾਂ ਵਿੱਚ ਵਿਰੋਧੀ ਉਮੀਦਵਾਰਾਂ ਨੂੰ ਟੱਕਰ ਦੇਣ ਲਈ ਦਲਿਤਾਂ ਦੇ ਵਿਹੜੇ ਵਿੱਚ ਵੋਟਾਂ ਲਈ ਹੀ ਨਹੀਂ ਸਗੋਂ ਗਮੀ ਵਾਲੇ ਪਰਿਵਾਰਾਂ ਦੇ ਘਰਾਂ ਵਿੱਚ ਉਨ੍ਹਾਂ ਨਾਲ ਦੁੱਖ ਵੀ ਸਾਂਝਾ ਕਰਨ ਪੁੱਜ ਰਹੇ ਹਨ। ਭਾਜਪਾ ਉਮੀਦਵਾਰ ਦਲਿਤ ਵਰਗ ਨੂੰ ਰਿਝਾਕੇ ਅਤੇ ਆਪਣੇ ਪ੍ਰਭਾਵ ਵਾਲੇ ਹਿੰਦੂ ਵੋਟ ਬੈਂਕ ਨੂੰ ਜੋੜ ਕੇ ਅਣਸੁਖਾਵੇਂ ਹਾਲਾਤਾਂ ਵਿੱਚ ਵਿਰੋਧੀ ਉਮੀਦਵਾਰਾਂ ਨੂੰ ਟੱਕਰ ਦੇਣ ਦੇ ਰੌਂਅ ਵਿੱਚ ਹੈ। ਭਾਜਪਾ ਉਮੀਦਵਾਰ ਅਦਾਕਾਰ ਹੰਸ ਰਾਜ ਹੰਸ ਦੀ ਵੀਡੀਓ ਵਾਇਰਲ ਹੋਈ, ਜਿਸ ਵਿਚ ਉਹ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਆਖ ਰਹੇ ਹਨ,‘‘ਮੈਨੂੰ ਹੰਸ ਰਾਜ ਹੰਸ ਰਹਿਣ ਨਹੀਂ ਦਿੱਤਾ ਮੈਨੂੰ ਮਿੰਨਤਰਾਜ ਬਣਾ ਦਿੱਤਾ, ਮੈਂ ਤਾਂ ਭਰਾਵੋ ਮਿੰਨਤਰਾਜ ਹਾਂ।’’ ਉਹ ਆਪਣੀ ਗਰੀਬੀ ਦੀ ਦਾਸਤਾਨ ਵੀ ਸਾਂਝੀ ਕਰਦੇ ਆਖਦੇ ਹਨ ਕਿ ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ। ਜ਼ਿੰਦਗੀ ਵਿੱਚ ਕਾਫੀ ਸੰਘਰਸ਼ ਕਰਨਾ ਪਿਆ। ਉਹ ਵਿਰੋਧ ਕਰਨ ਵਾਲੇ ਦਾ ਵੀ ਭਲਾ ਹੀ ਮੰਗਦੇ ਹਨ।

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀਆਂ ਦਲਿਤ ਵੋਟ ਬੈਂਕ ਦੁਆਲੇ ਸਿਆਸੀ ਸਰਗਰਮੀਆਂ ਘੁੰਮ ਰਹੀਆਂ ਹਨ। ਉਨ੍ਹਾਂ ਦਾ ਅੱਜ ਨਿਹਾਲ ਸਿਘ ਵਾਲਾ ਵਿੱਚ ਦੌਰਾ ਸੀ ਉਹ ਅੱਜ ਇਸ ਗੱਲ ਤੋਂ ਖੁਸ਼ ਦਿਖਾਈ ਦਿੱਤੇ ਕਿ ਪਹਿਲਾ ਦਿਨ ਹੈ ਜਦੋਂ ਉਨ੍ਹਾਂ ਦਾ ਅੱਜ ਵਿਰੋਧ ਨਹੀਂ ਹੋਇਆ। ਉਨ੍ਹਾਂ ਅਨੂਸੂਚਿਤ ਜਾਤੀ ਪਰਿਵਾਰਾਂ ਨਾਲ ਘਰ ਜਾ ਕੇ ਮਿਲਣੀ ਕੀਤੀ। ਉਹ ਮਰਹੂਮ ਸਾਬਕਾ ਵਿਧਾਇਕ ਅਜੀਤ ਸਿੰਘ ਸਾਂਤ ਦੇ ਘਰ ਵੀ ਪੁੱਜੇ ਤੇ ਚੋਣ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਅਨੂਸੂਚਿਤ ਜਾਤੀ ਪਰਿਵਾਰਕ ਮੈਂਬਰਾਂ ਮੂੰਹੋਂ ਮੋਦੀ ਸਰਕਾਰ ਦੀਆਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਤੇ ਹੋਰ ਗਰੀਬਾਂ ਲਈ ਭਲਾਈ ਸਕੀਮਾਂ ਬਾਰੇ ਜ਼ਿਕਰ ਕਰਵਾਇਆ। ਇਸ ਮੌਕੇ ਲਾਭ ਸਿੰਘ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਦੇ ਇਕੱਲੇ ਵਾਰਡ ਨੰਬਰ -1 ਵਿਚ 32 ਘਰ ਪੀਐੱਮ ਅਵਾਸ ਯੋਜਨਾ ਨਾਲ ਬਣੇ ਹਨ। ਇਸ ਮੌਕੇ ਹੰਸ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਰੀਬਾਂ ਨੂੰ ਮਿਲੀਆਂ ਸਹੂਲਤਾਂ ਬਾਰੇ ਲੋਕਾਂ ਦੇ ਮੂੰਹੋ ਸੁਣ ਕੇ ਮਨ ਨੂੰ ਠੰਢਕ ਪੁੱਜੀ ਹੈ।

ਉਨ੍ਹਾਂ ਕਿਹਾ ਕਿ 90 ਫੀਸਦ ਦਲਿਤ ਪਰਿਵਾਰ ਤਰਸਯੋਗ ਹਾਲਾਤ ਵਿੱਚ ਗੁਜਰ-ਬਸਰ ਕਰ ਰਹੇ ਹਨ। ਮਿਹਨਤ ਮਜ਼ਦੂਰੀ ਕਰਨਾ, ਸਰਕਾਰੀ ਸਕੀਮਾਂ ਤੇ ਨਿਰਭਰ ਹੋਣਾ ਅਤੇ ਬੱਚਿਆਂ ਨੂੰ ਸਰਕਾਰੀ ਵਜ਼ੀਫਿਆਂ ਤੇ ਪੜ੍ਹਾਉਣਾ ਉਨ੍ਹਾਂ ਦੀ ਮਜਬੂਰੀ ਹੈ। ਪੰਜਾਬ ਵਿਚ ਦਲਿਤ ਵਰਗ ਦੀ ਲਗਭਗ 32 ਫੀਸਦ ਆਬਾਦੀ ਹੈ ਪੰਜਾਬ ਅੰਦਰ ਦਲਿਤ ਭਾਈਚਾਰੇ ਨਾਲ ਸੰਬੰਧਿਤ 39 ਜਾਤਾਂ ਹਨ। ਇਨ੍ਹਾਂ ਵਿਚ 19.4 ਫੀਸਦ ਅਨੁਸੂਚਿਤ ਜਾਤੀ ਸਿੱਖ,12.4 ਫੀਸਦ ਹਿੰਦੂ, 0.98 ਫੀਸਦ ਬੋਧੀ ਦਲਿਤ ਹਨ। ਆਬਾਦੀ ਦੇ ਅਨੁਪਾਤ ਕਾਰਨ ਹੀ 117 ਵਿਧਾਨ ਸਭਾ ਸੀਟਾਂ ਵਿਚੋਂ 34 ਸੀਟਾਂ ਦਲਿਤਾਂ ਲਈ ਰਾਖਵੀਆਂ ਹਨ।

LEAVE A REPLY

Please enter your comment!
Please enter your name here