ਜਸਵਿੰਦਰ ਕੌਰ ਘਨੌਰ

ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਮਨੁੱਖ ਲਈ ਮਨੋਰੰਜਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਅਜੋਕੇ ਦੌਰ ਵਿੱਚ ਉਹ ਇਸ ਦੀ ਪੂਰਤੀ ਵਧੇਰੇ ਸਮਾਂ ਫੋਨ ਦੇਖ ਕੇ, ਘੁੰਮ-ਫਿਰ ਕੇ ਜਾਂ ਸਿਨੇਮਾ ਦੇਖ ਕੇ ਕਰਦਾ ਹੈ। ਸਰੀਰਕ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਕਸਰਤ, ਪੇਸ਼ਾਵਰ ਖੇਡਾਂ ਅਤੇ ਲੋਕ ਖੇਡਾਂ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ। ਲੋਕ ਖੇਡਾਂ ਮਨੁੱਖ ਦੀ ਜ਼ਿੰਦਗੀ ਦਾ ਉਹ ਅੰਗ ਹਨ ਜਿਨ੍ਹਾਂ ਨਾਲ ਮਨੁੱਖ ਦੇ ਵਿਹਲੇ ਸਮੇਂ ਦੀ ਦੁਰਵਰਤੋਂ ਹੋਣੋਂ ਬਚ ਜਾਂਦੀ ਹੈ, ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਨਾਲ ਹੀ ਉਸ ਦਾ ਮਨੋਰੰਜਨ ਹੋ ਜਾਂਦਾ ਹੈ। ਅਧਿਆਤਮਕ ਦਰਸ਼ਨ ਨੇ ਵੀ ਕਿਹਾ ਹੈ ਕਿ ‘ਨੱਚਣ ਕੁੱਦਣ ਮਨ ਕਾ ਚਾਓ’ ਕਿਉਂਕਿ ਇਸ ਕਰਮ ਨਾਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਪ੍ਰਦਾਨ ਹੁੰਦੀ ਹੈ।

ਜੇਕਰ ‘ਲੋਕ’ ਅਤੇ ‘ਖੇਡ’ ਸ਼ਬਦਾਂ ਨੂੰ ਗਹੁ ਨਾਲ ਵਾਚੀਏ ਤਾਂ ਇਨ੍ਹਾਂ ਦੇ ਅਰਥਾਂ ਤੋਂ ਇਨ੍ਹਾਂ ਦੇ ਮਹੱਤਵ ਦਾ ਪ੍ਰਗਟਾਵਾ ਹੋ ਜਾਂਦਾ ਹੈ। ‘ਲੋਕ’ ਸ਼ਬਦ ਦਾ ਮਤਲਬ ਕਿਸੇ ਵੀ ਖੇਤਰ ਵਿੱਚ ਰਹਿ ਰਹੀ ਵਸੋਂ ਤੋਂ ਲਿਆ ਜਾਂਦਾ ਹੈ ਅਤੇ ‘ਖੇਡ’ ਸ਼ਬਦ ਨੂੰ ਮਨਪ੍ਰਚਾਵੇ ਦੇ ਅਰਥਾਂ ਵਜੋਂ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਸਾਧਾਰਨ ਸ਼ਬਦਾਂ ਵਿੱਚ ਲੋਕ ਖੇਡਾਂ ਦਾ ਮਤਲਬ ਸਮਝ ਸਕਦੇ ਹਾਂ ਕਿ ਇਹ ਲੋਕਾਂ ਦੇ ਜੀਵਨ ਦਾ ਉਹ ਅੰਗ ਹਨ ਜੋ ਉਨ੍ਹਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਮਾਧਿਅਮ ਬਣਦਾ ਹੈ। ਜੇਕਰ ਅਜੋਕੇ ਦੌਰ ਵਿੱਚ ਇਸ ਪਾਸੇ ਵੱਲ ਲੋਕਾਂ ਦਾ ਰੁਝਾਨ ਦੇਖੀਏ ਤਾਂ ਉਹ ਘਟਦਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕ ਖੇਡਾਂ ਦੀ ਥਾਂ ਆਪਣੇ ਘਰ ਅੰਦਰਲੀ ਚਾਰ ਦੀਵਾਰੀ ਵਿੱਚ ਮੌਜੂਦ ਟੀ.ਵੀ. ਜਾਂ ਮੋਬਾਈਲ ਨੂੰ ਤਰਜੀਹ ਦਿੱਤੀ ਹੈ ਜਾਂ ਫਿਰ ਉਹ ਸਿਨੇਮਾਂ ਘਰ ਜਾਂ ਕਿਸੇ ਸੈਰ-ਸਪਾਟੇ ᾽ਤੇ ਜਾਣ ਨੂੰ ਜ਼ਿਆਦਾ ਤਰਜੀਹ ਦੇਣ ਲੱਗੇ ਹਨ। ਉਨ੍ਹਾਂ ਵਿੱਚ ਇਨ੍ਹਾਂ ਖੇਡਾਂ ਨੂੰ ਖੇਡਣ ਦੇ ਨਾਲ-ਨਾਲ ਦੇਖਣ ਦੀ ਰੁਚੀ ਵੀ ਘਟਦੀ ਨਜ਼ਰ ਆਉਂਦੀ ਹੈ।

ਪੰਜਾਬ ਦੀਆਂ ਲੋਕ ਖੇਡਾਂ ਵਿੱਚ ਕਬੱਡੀ, ਕੁਸ਼ਤੀ, ਸੌਂਚੀ-ਪੱਕੀ, ਰੱਸਾ-ਕਸ਼ੀ, ਗੁੱਲੀ-ਡੰਡਾ, ਪਿੱਠੂ, ਅੰਨ੍ਹਾ ਝੋਟਾ ਅਤੇ ਰੋੜੇ ਜਾਂ ਗੀਟੇ ਆਦਿ ਹਨ। ਕਬੱਡੀ ਨੂੰ ਪੰਜਾਬੀਆਂ ਦੀ ਮਾਂ-ਖੇਡ ਦਾ ਦਰਜਾ ਦਿੱਤਾ ਗਿਆ ਹੈ। ਲੇਖਕ ਸਰਵਣ ਸਿੰਘ ‘ਪੰਜਾਬ ਦੀਆਂ ਦੇਸੀ ਖੇਡਾਂ’ ਪੁਸਤਕ ਵਿੱਚ ਕਬੱਡੀ ਬਾਰੇ ਲਿਖਦੇ ਹਨ ਕਿ ‘ਕਬੱਡੀ ਸ਼ਬਦ ‘ਕਬੱਡ’ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਕੱਬਾ। ਧਾਵੀ ਕਬੱਡੀ-ਕਬੱਡੀ ਕਹਿੰਦਾ ਧਾਵਾ ਕਰਦਾ ਹੈ ਜਿਵੇਂ ਆਖ ਰਿਹਾ ਹੋਵੇ, ‘ਮੈਂ ਕੱਬਾ ਹਾਂ, ਮੈਥੋਂ ਬਚੋ’। ਅੱਗੋਂ ਕੱਬੇ ਨੂੰ ਕੱਬਾ ਹੀ ਟੱਕਰਦਾ ਹੈ ਤੇ ਜਿੱਤ ਤਕੜੇ ਦੀ ਹੁੰਦੀ ਹੈ।’ ਇਸ ਤਰ੍ਹਾਂ ਇਹ ਖੇਡ ਤਾਕਤ, ਫੁਰਤੀ ਅਤੇ ਹਿੰਮਤ ਨਾਲ ਖੇਡੀ ਜਾਂਦੀ ਹੈ। ਇਸ ਖੇਡ ਰਾਹੀਂ ਖਿਡਾਰੀਆਂ ਦੀ ਸਰੀਰਕ ਸ਼ਕਤੀ ਤੇ ਚੁਸਤੀ-ਫੁਰਤੀ ਦਾ ਪ੍ਰਗਟਾਵਾ ਹੁੰਦਾ ਹੈ। ਇਸੇ ਤਰ੍ਹਾਂ ਹਰ ਖੇਡ ਦੀ ਆਪਣੀ-ਆਪਣੀ ਵਿਲੱਖਣ ਵਿਸ਼ੇਸ਼ਤਾ ਹੁੰਦੀ ਹੈ।

ਗੁੱਲੀ-ਡੰਡਾ, ਅੰਨ੍ਹਾ ਝੋਟਾ ਅਤੇ ਗੀਟੇ ਆਦਿ ਖੇਡਾਂ ਦਾ ਬਾਕੀ ਫਾਇਦਿਆਂ ਦੇ ਨਾਲ-ਨਾਲ ਇਹ ਫਾਇਦਾ ਵੀ ਹੁੰਦਾ ਸੀ ਕਿ ਬੱਚੇ ਆਪਣੇ ਆਲੇ-ਦੁਆਲੇ ਤੋਂ ਵੀ ਵਾਕਿਫ਼ ਹੁੰਦੇ ਸਨ। ਇਨ੍ਹਾਂ ਖੇਡਾਂ ਨੂੰ ਉਹ ਆਪਣੇ ਆਂਢ-ਗੁਆਂਢ ਦੇ ਜਵਾਕਾਂ ਨਾਲ ਖੇਡਦੇ ਸਨ ਜਿਸ ਨਾਲ ਉਨ੍ਹਾਂ ਵਿੱਚ ਆਪਸੀ ਮਿਲਵਰਤਨ ਦੀ ਭਾਵਨਾ ਉਤਪੰਨ ਹੁੰਦੀ ਸੀ। ਅੱਜਕੱਲ੍ਹ ਦੇ ਬੱਚਿਆਂ/ਨੌਜਵਾਨਾਂ ਦਾ ਸੋਸ਼ਲ ਮੀਡੀਆਂ ਵੱਲ ਵਧਦਾ ਰੁਝਾਨ ਉਨ੍ਹਾਂ ਨੂੰ ਇਸ ਗੁਣ ਤੋਂ ਵਾਂਝਾ ਕਰਦਾ ਜਾ ਰਿਹਾ ਹੈ। ਉਨ੍ਹਾਂ ਕੋਲ ਆਪਣੇ ਆਲੇ-ਦੁਆਲੇ ਦੀ ਖੈਰ ਖ਼ਬਰ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਹੈ ਸਗੋਂ ਕਈ ਵਾਰੀ ਉਹ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਤੋਂ ਵੀ ਅਣਜਾਣ ਹੁੰਦੇ ਹਨ। ਕਿਸੇ ਮਾਰੂ ਸਮੱਸਿਆ ਨਾਲ ਜੂਝ ਰਹੇ ਪਰਿਵਾਰ ਨੂੰ ਬਚਾਉਣ ਲਈ ਉਹ ਕੋਈ ਪੁਖਤਾ ਸੁਝਾਅ ਦੇਣ ਸਮੇਂ ਵੀ ਆਪਣੇ-ਆਪ ਨੂੰ ਬੇਵੱਸ ਮਹਿਸੂਸ ਕਰਦੇ ਹਨ। ਲੋਕ ਖੇਡਾਂ ਦੀ ਸਮਾਜ ਵਿੱਚ ਵਧ ਰਹੀ ਗੈਰ ਮੌਜੂਦਗੀ ਕਾਰਨ ਉਹ ਪੂਰੀ ਤਰ੍ਹਾਂ ਦਿਮਾਗ਼ੀ ਤੌਰ ᾽ਤੇ ਵਿਕਸਿਤ ਹੋਣ ਤੋਂ ਵਾਂਝੇ ਰਹਿ ਜਾਂਦੇ ਹਨ।

ਲੋਕ ਖੇਡਾਂ ਮਨੁੱਖ ਦੇ ਜੀਵਨ ਵਿੱਚ ਖ਼ੁਸ਼ੀਆਂ/ਖੇੜਿਆਂ ਦਾ ਕਾਰਨ ਬਣਦੀਆਂ ਹਨ। ਇਹ ਖੇਡਾਂ ਮਨੁੱਖ ਵਿੱਚ ਤਿਆਗ, ਅਪਣੱਤ ਅਤੇ ਸਾਂਝੀਵਾਲਤਾ ਦੇ ਗੁਣ ਪੈਦਾ ਕਰਦੀਆਂ ਹਨ। ਇਹ ਹੀ ਨਹੀਂ ਮਨੁੱਖ ਵਿੱਚ ਅਨੁਸ਼ਾਸਨ, ਉਸਾਰੂ ਸੋਚ ਅਤੇ ਕੁਰਬਾਨੀ ਦੀ ਭਾਵਨਾ ਦੇ ਬੀਜ ਵੀ ਇਨ੍ਹਾਂ ਜ਼ਰੀਏ ਹੀ ਪੈਦਾ ਹੁੰਦੇ ਹਨ। ਆਧੁਨਿਕ ਦੌਰ ਵਿੱਚ ਵਧੀ ਤਕਨੀਕ ਕਾਰਨ ਮਨੁੱਖ ਲੋਕ ਖੇਡਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਉਹ ਅਨੇਕਾਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਆਉਣ ਵਾਲੀ ਪੀੜ੍ਹੀ ਨੂੰ ਲੋਕ ਖੇਡਾਂ ਦੇ ਨਾਂ ਤੱਕ ਵੀ ਪਤਾ ਨਹੀਂ ਹੋਣੇ। ਇਸ ਲਈ ਜ਼ਰੂਰੀ ਹੈ ਕਿ ਸਮਾਜ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਸਾਂਝੀਵਾਲਤਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਇਨ੍ਹਾਂ ਖੇਡਾਂ ਨੂੰ ਜੀਵਨ ਦਾ ਅੰਗ ਬਣਾਈਏ

ਈਮੇਲ: [email protected]

LEAVE A REPLY

Please enter your comment!
Please enter your name here