ਚੰਡੀਗੜ੍ਹ, 17 ਮਾਰਚ

ਪੰਜਾਬ ਦਾ ਮਾਲਵਾ ਖੇਤਰ ਹਮੇਸ਼ਾ ਤੋਂ ਹੀ ਸਭ ਤੋਂ ਵੱਡਾ ਅਤੇ ਸਿਆਸੀ ਤੌਰ ’ਤੇ ਪ੍ਰਭਾਵਸ਼ਾਲੀ ਖੇਤਰ ਮੰਨਿਆ ਜਾਂਦਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਜੇਕਰ ਕੋਈ ਪਾਰਟੀ ਇਸ ਖੇਤਰ ਵਿੱਚੋਂ ਸਭ ਤੋਂ ਵੱਧ ਵਿਧਾਨ ਸਭਾ ਸੀਟਾਂ ਹਾਸਲ ਕਰ ਲੈਂਦੀ ਹੈ ਤਾਂ ਉਹ ਸੂਬੇ ਵਿੱਚ ਆਸਾਨੀ ਨਾਲ ਸਰਕਾਰ ਬਣਾ ਸਕਦੀ ਹੈ।

ਪੰਜਾਬ ਨੂੰ ਤਿੰਨ ਪ੍ਰਮੁੱਖ ਖੇਤਰਾਂ ਮਾਲਵਾ, ਮਾਝਾ ਅਤੇ ਦੁਆਬਾ ਵਿੱਚ ਵੰਡਿਆ ਜਾ ਸਕਦਾ ਹੈ। ਸਤਲੁਜ ਦਰਿਆ ਦੇ ਦੱਖਣ ਵਾਲੇ ਖੇਤਰ ਨੂੰ ਮਾਲਵਾ ਖੇਤਰ ਕਿਹਾ ਜਾਂਦਾ ਹੈ, ਦੁਆਬਾ ਖੇਤਰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਪੈਂਦਾ ਹੈ, ਜਦੋਂਕਿ ਮਾਝਾ ਖੇਤਰ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਪੈਂਦਾ ਹੈ। ਮਾਲਵਾ ਖੇਤਰ ਵਿੱਚ ਅੱਠ ਲੋਕ ਸਭਾ ਹਲਕੇ ਹਨ, ਜਿਨ੍ਹਾਂ ਵਿੱਚ ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ (ਐੱਸਸੀ), ਫਤਿਹਗੜ੍ਹ ਸਾਹਿਬ (ਐੱਸਸੀ), ਪਟਿਆਲਾ, ਆਨੰਦਪੁਰ ਸਾਹਿਬ ਅਤੇ ਸੰਗਰੂਰ ਸੰਸਦੀ ਹਲਕੇ ਸ਼ਾਮਲ ਹਨ। ਦੋਆਬਾ ਖੇਤਰ ਵਿੱਚ ਦੋ ਸੀਟਾਂ ਆਉਂਦੀਆਂ ਹਨ ਜਿਸ ਵਿੱਚ ਹੁਸ਼ਿਆਰਪੁਰ (ਐੱਸਸੀ) ਅਤੇ ਜਲੰਧਰ (ਐੱਸਸੀ) ਸੰਸਦੀ ਹਲਕੇ ਸ਼ਾਮਲ ਹਨ। ਮਾਝਾ ਖੇਤਰ ਵਿੱਚ ਤਿੰਨ ਸੰਸਦੀ ਸੀਟਾਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਸ਼ਾਮਲ ਹਨ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਪੰਜਾਬ ਵਿੱਚ ਅੱਠ ਲੋਕ ਸਭਾ ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ ਮਾਲਵਾ ਖੇਤਰ ਵਿੱਚੋਂ ਲੁਧਿਆਣਾ, ਆਨੰਦਪੁਰ ਸਾਹਿਬ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ, ਮਾਝਾ ਖੇਤਰ ਵਿੱਚ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਲੋਕ ਸਭਾ ਸੀਟਾਂ ਜਿੱਤੀਆਂ ਸਨ, ਜਦਕਿ ਦੋਆਬਾ ਖੇਤਰ ਵਿੱਚ ਪੈਂਦੀ ਜਲੰਧਰ ਲੋਕ ਸਭਾ ਸੀਟ ਵੀ ਕਾਂਗਰਸ ਨੇ ਜਿੱਤੀ ਸੀ। ਹਾਲਾਂਕਿ 2023 ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਨੂੰ ਹਰਾ ਕੇ ਜਲੰਧਰ ਸੀਟ ’ਤੇ ਕਬਜ਼ਾ ਕਰ ਲਿਆ ਸੀ। ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਮਾਲਵਾ ਖੇਤਰ ਵਿੱਚ ਆਉਂਦੀਆਂ ਬਠਿੰਡਾ ਅਤੇ ਫਿਰੋਜ਼ਪੁਰ ਲੋਕ ਸਭਾ ਸੀਟਾਂ ਜਿੱਤੀਆਂ ਸਨ। ‘ਆਪ’ ਮਾਲਵਾ ਖੇਤਰ ਵਿੱਚ ਆਉਂਦੀ ਸੰਗਰੂਰ ਸੀਟ ਜਿੱਤਣ ਵਿੱਚ ਕਾਮਯਾਬ ਰਹੀ ਸੀ।

ਭਾਜਪਾ ਨੇ ਦੋਆਬਾ ਖੇਤਰ ਦੀ ਹੁਸ਼ਿਆਰਪੁਰ ਲੋਕ ਸਭਾ ਸੀਟ ਅਤੇ ਮਾਝਾ ਖੇਤਰ ਦੀ ਗੁਰਦਾਸਪੁਰ ਲੋਕ ਸਭਾ ਸੀਟ ਜਿੱਤੀ ਸੀ। ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2022 ਦੀ ਜ਼ਿਮਨੀ ਚੋਣ ਵਿੱਚ ਸੰਗਰੂਰ ਲੋਕ ਸਭਾ ਸੀਟ ਜਿੱਤੀ ਸੀ, ਜਦੋਂਕਿ ‘ਆਪ’ ਨੇ 2023 ਦੀ ਜ਼ਿਮਨੀ ਚੋਣ ਵਿੱਚ ਜਲੰਧਰ ਸੀਟ ਜਿੱਤੀ ਸੀ।

ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ ਮਾਲਵਾ ਖੇਤਰ ਵਿੱਚ 69 ਸੀਟਾਂ ਹਨ। ਪੰਜਾਬ ਦੀ ਸਿਆਸਤ ’ਤੇ ਇਸ ਖਿੱਤੇ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਾਜਿੰਦਰ ਕੌਰ ਭੱਠਲ, ਬੇਅੰਤ ਸਿੰਘ, ਭਗਵੰਤ ਮਾਨ ਵਰਗੇ ਕਈ ਆਗੂ ਸੂਬੇ ਦੇ ਮੁੱਖ ਮੰਤਰੀ ਬਣੇ। ਉਹ ਇਸ ਖਿੱਤੇ ਤੋਂ ਹੀ ਆਉਂਦੇ ਹਨ। ਮਾਲਵਾ ਖੇਤਰ ਤਿੰਨ ਕੇਂਦਰੀ ਖੇਤੀ ਸੁਧਾਰ ਕਾਨੂੰਨਾਂ ( ਜੋਹੁਣ ਰੱਦ ਕੀਤੇ ਗਏ ਹਨ) ਖ਼ਿਲਾਫ਼ 2020-21 ਵਿੱਚ ਕਿਸਾਨ ਅੰਦੋਲਨ ਦਾ ਕੇਂਦਰ ਸੀ। -ਪੀਟੀਆਈ

LEAVE A REPLY

Please enter your comment!
Please enter your name here