ਆਤਿਸ਼ ਗੁਪਤਾ

ਚੰਡੀਗੜ੍ਹ, 6 ਮਾਰਚ

ਯੂਟੀ ਪ੍ਰਸ਼ਾਸਨ ਨੂੰ ਪਿਛਲੇ ਸਾਲ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਲੱਗੇ ਵੱਡੇ ਝਟਕੇ ਤੋਂ ਬਾਅਦ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਰਾਖਵੀਂ ਕੀਮਤ ਘਟਾਉਣ ਦੇ ਬਾਵਜੂਦ ਕੋਈ ਰੁਝਾਨ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ। ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਕੋਲ ਸ਼ਹਿਰ ਵਿੱਚ 97 ਠੇਕਿਆਂ ਦੀ ਨਿਲਾਮੀ ਲਈ ਸਿਰਫ਼ 51 ਖ਼ਰੀਦਦਾਰ ਆਏ ਹਨ। ਇਨ੍ਹਾਂ ਵੱਲੋਂ ਸ਼ਰਾਬ ਦੇ ਠੇਕੇ ਖ਼ਰੀਦਣ ਲਈ ਆਨਲਾਈਨ ਟੈਂਡਰ ਪਾਏ ਗਏ ਹਨ ਜਦੋਂਕਿ ਕਰ ਤੇ ਆਬਕਾਰੀ ਵਿਭਾਗ ਵੱਲੋਂ 7 ਮਾਰਚ ਦਿਨ ਵੀਰਵਾਰ ਨੂੰ ਟੈਂਡਰ ਖੋਲ੍ਹ ਕੇ ਐਲਾਨ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 31 ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ 29 ਸਿੰਗਲ ਬੋਲੀਆਂ ਪ੍ਰਾਪਤ ਹੋਈਆਂ ਹਨ ਜਦੋਂਕਿ ਸੈਕਟਰ-36 ਦੀ ਮਾਰਕੀਟ ਵਿੱਚ ਸਥਿਤ ਸ਼ਰਾਬ ਦੇ ਠੇਕੇ ਦੀ ਅਲਾਟਮੈਂਟ ਲਈ 7 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਰੇਲਵੇ ਲਾਈਨ ਪੁਆਇੰਟ ਦੇ ਨਜ਼ਦੀਕ ਮਨੀਮਾਜਰਾ ਵਿੱਚ ਸ਼ਰਾਬ ਦੇ ਇਕ ਠੇਕੇ ਲਈ ਪੰਜ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪਿਛਲੇ ਸਾਲ ਇਹ ਠੇਕਾ ਪੂਰਾ ਸਾਲ ਨਿਲਾਮ ਹੀ ਨਹੀਂ ਸੀ ਹੋ ਸਕਿਆ। ਇਸੇ ਤਰ੍ਹਾਂ ਸ਼ਹਿਰ ਦਾ ਸਭ ਤੋਂ ਮਹਿੰਗੇ ਵਿਕਣ ਵਾਲੇ ਧਨਾਸ ਵਾਲੇ ਸ਼ਰਾਬ ਦੇ ਠੇਕੇ ਲਈ ਵੀ ਦੋ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਠੇਕਾ ਵੀ ਪਿਛਲੇ ਸਾਲ ਵਿੱਤ ਵਰ੍ਹੇ 2023-24 ਵਿਚ ਨਿਲਾਮ ਨਹੀਂ ਸੀ ਹੋ ਸਕਿਆ। ਵਿਭਾਗ ਨੇ ਇਸ ਠੇਕੇ ਦੀ ਰਾਖਵੀਂ ਕੀਮਤ 3.20 ਕਰੋੜ ਰੁਪਏ ਘਟਾ ਦਿੱਤੀ ਹੈ।

ਸ਼ਰਾਬ ਠੇਕੇਦਾਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕਲੇਰ ਨੇ ਕਿਹਾ ਕਿ ਸ਼ਰਾਬ ਦੇ 97 ਠੇਕਿਆਂ ਲਈ ਸਿਰਫ਼ 51 ਖ਼ਰੀਦਦਾਰ ਸਾਹਮਣੇ ਆਏ ਹਨ। ਇਹ ਉੱਚ ਆਬਕਾਰੀ ਡਿਊਟੀ ਤੇ ਵੈਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਠੇਕੇਦਾਰਾਂ ਨੂੰ ਪਿਛਲੇ ਦੋ ਸਾਲਾਂ ਵਿੱਚ ਕਾਫ਼ੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਮੰਗ ਕੀਤੀ ਕਿ ਯੂਟੀ ਪ੍ਰਸ਼ਾਸਨ ਨੂੰ ਸ਼ਰਾਬ ਤੋਂ ਆਬਕਾਰੀ ਡਿਊਟੀ ਤੇ ਵੈਟ ਵਿੱਚ ਕਟੌਤੀ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੰਡੀਗੜ੍ਹ ਵਿੱਚ ਕੁੱਲ 95 ਸ਼ਰਾਬ ਦੇ ਠੇਕਿਆਂ ਵਿੱਚੋਂ 77 ਸ਼ਰਾਬ ਦੇ ਠੇਕੇ ਹੀ ਨਿਲਾਮ ਹੋ ਸਕੇ ਸਨ ਜਦੋਂ ਕਿ ਪੂਰਾ ਸਾਲ 18 ਸ਼ਰਾਬ ਦੇ ਠੇਕੇ ਬੰਦ ਰਹੇ। ਇਸੇ ਕਰ ਕੇ ਕਰ ਤੇ ਆਬਕਾਰੀ ਵਿਭਾਗ ਨੇ ਇਸ ਸਾਲ ਸਾਰੇ ਸ਼ਰਾਬ ਦੇ ਠੇਕਿਆਂ ਦੀ ਰਾਖਵੀਂ ਕੀਮਤ ਵਿੱਚ ਕਟੌਤੀ ਕੀਤੀ ਹੈ।

ਸਿਟਕੋ ਚਲਾਵੇਗਾ ਨਿਲਾਮ ਨਾ ਹੋਣ ਵਾਲੇ ਠੇਕੇ

ਯੂਟੀ ਪ੍ਰਸ਼ਾਸਨ ਵੱਲੋਂ ਮੌਜੂਦਾ ਵਿੱਤ ਵਰ੍ਹੇ ਲਈ ਲਿਆਂਦੀ ਸ਼ਰਾਬ ਨੀਤੀ ਵਿੱਚ ਸ਼ਰਾਬ ਠੇਕਿਆਂ ਦੀ ਨਿਲਾਮੀ ਤੋਂ 452.29 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਗਿਆ ਹੈ। ਇਹ ਪਿਛਲੇ ਸਾਲ ਨਾਲੋਂ 34.52 ਕਰੋੜ ਰੁਪਏ ਘੱਟ ਹਨ। ਇਸ ਤੋਂ ਇਲਾਵਾ ਨਿਲਾਮ ਨਾ ਹੋਣ ਵਾਲੇ ਸ਼ਰਾਬ ਦੇ ਠੇਕਿਆਂ ਨੂੰ ਸਿਟਕੋ ਵੱਲੋਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here