ਪੀਟੀਆਈ/ਪੀਪੀਵਰਮਾ

ਨਵੀਂ ਦਿੱਲੀ/ਪੰਚਕੂਲਾ, 13 ਮਈ

ਸੀਬੀਐੱਸਈ ਨੇ ਅੱਜ 10ਵੀਂ ਤੇ 12ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ ਅਤੇ ਨਤੀਜਿਆਂ ’ਚ ਕੁੜੀਆਂ ਨੇ ਮੁੜ ਆਪਣੀ ਸਰਦਾਰੀ ਕਾਇਮ ਰੱਖੀ ਹੈ। ਨਤੀਜਿਆਂ ਵਿੱਚ ਪਾਸ ਪ੍ਰਤੀਸ਼ਤਤਾ ਅਤੇ 90 ਤੇ 95 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਪਿਛਲੇ ਸਾਲ ਮੁਕਾਬਲੇ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।

ਸੀਬੀਐੱਸਈ ਤੋਂ ਮਿਲੀ ਜਾਣਕਾਰੀ ਅਨੁਸਾਰ 10ਵੀਂ ਦੀ ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ 0.48 ਵਧ ਕੇ 93.60 ਫ਼ੀਸਦ ਜਦਕਿ 12ਵੀਂ ਦੀ ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ 0.65 ਵਧ ਕੇ 87.98 ਫ਼ੀਸਦ ਰਹੀ। ਅਧਿਕਾਰੀਆਂ ਨੇ ਦੱਸਿਆ ਕਿ 10ਵੀਂ ਦੇ ਨਤੀਜਿਆਂ ’ਚ 94.75 ਫ਼ੀਸਦ ਵਿਦਿਆਰਥਣਾਂ ਪਾਸ ਹੋਈਆਂ ਅਤੇ ਲੜਕਿਆਂ ਮੁਕਾਬਲੇ 2.04 ਫ਼ੀਸਦ ਵੱਧ ਲੜਕੀਆਂ ਪਾਸ ਹੋਈਆਂ ਹਨ। ਉੱਥੇ ਹੀ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਮੁਕਾਬਲੇ 6.40 ਵਧ ਹੈ। ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਵਿਦਿਆਰਥੀਆਂ ਵਿਚਾਲੇ ਮੁਕਾਬਲਾ ਰੋਕਣ ਲਈ ਬੋਰਡ ’ਚ ਲਏ ਗਏ ਫ਼ੈਸਲੇ ਤਹਿਤ ਸੀਬੀਐੱਸਈ ਮੈਰਿਟ ਸੂਚੀ ਜਾਰੀ ਨਹੀਂ ਕਰ ਰਿਹਾ। ਇਸੇ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਐੱਸਈ ਦੀ 10ਵੀਂ ਤੇ 12ਵੀਂ ਦੀ ਜ਼ਿਮਨੀ (ਸਪਲੀਮੈਂਟਰੀ) ਪ੍ਰੀਖਿਆ 15 ਜੁਲਾਈ ਤੋਂ ਸ਼ੁਰੂ ਹੋਵੇਗੀ। ਵਿੱਦਿਅਕ ਸੈਸ਼ਨ 2024-25 ਲਈ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਤੋਂ ਹੋਣਗੀਆਂ। -ਪੀਟੀਆਈ

LEAVE A REPLY

Please enter your comment!
Please enter your name here