ਗੁਰਦੀਪ ਸਿੰਘ ਲਾਲੀ

ਸੰਗਰੂਰ, 5 ਮਾਰਚ

ਇਥੇ ਪਾਣੀ ਵਾਲੀ ਟੈਂਕੀ ਉਪਰ ਚੜ੍ਹੀਆਂ ਤਿੰਨ ਅਧਿਆਪਕਾਵਾਂ ਵਲੋਂ ਰਾਤ ਟੈਂਕੀ ਉਪਰ ਹੀ ਗੁਜ਼ਾਰੀ ਅਤੇ ਅੱਜ ਦੂਜੇ ਦਿਨ ਵੀ ਟੈਂਕੀ ਉਪਰ ਹੀ ਡਟੀਆਂ ਹੋਈਆਂ ਹਨ। ਉਹ ਮਿਲਣ ਪੁੱਜੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਮਿਲ ਕੇ ਭਾਵੁਕ ਹੋ ਗਈਆਂ ਅਤੇ ਆਪਣੇ ਹੰਝੂ ਨਾ ਰੋਕ ਸਕੀਆਂ। ਅਧਿਆਪਕਾਵਾਂ ਦਸ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਨਾਲ ਸਬੰਧਤ ਹਨ। ਬਾਕੀ ਅਧਿਆਪਕਾਂ ਵਲੋਂ ਟੈਂਕੀ ਹੇਠਾਂ ਧਰਨਾ ਲਗਾ ਦਿੱਤਾ ਹੈ। ਟੈਂਕੀ ਉਪਰ ਚੜ੍ਹੀਆਂ ਅਧਿਆਪਕਾਵਾਂ ਆਪਣੀਆਂ ਸੇਵਾਵਾਂ ਤੁਰੰਤ ਰੈਗੂਲਰ ਕਰਨ ਦੀ ਮੰਗ ਕਰ ਰਹੀਆਂ ਹਨ। ਲੰਘੇ ਦਿਨ ਸਵੇਰੇ ਕਰੀਬ ਚਾਰ ਵਜੇ ਕੱਚੇ ਅਧਿਆਪਕ ਯੂਨੀਅਨ ਨਾਲ ਸਬੰਧਤ ਸੁਖਜੀਤ ਕੌਰ ਮਾਨਸਾ, ਗੁਰਜੀਤ ਕੌਰ ਲੁਧਿਆਣਾ ਅਤੇ ਮਨਜੀਤ ਕੌਰ ਮਾਨਸਾ ਇਥੇ ਬੱਸ ਸਟੈਂਡ ਰੋਡ ’ਤੇ ਵਿਜੀਲੈਂਸ ਦਫ਼ਤਰ ਨਜ਼ਦਕੀ ਸਥਿਤ ਕਰੀਬ 80/90 ਫੁੱਟ ਉਚੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਈਆਂ, ਜਦੋਂ ਕਿ ਬਾਕੀ ਟੈਂਕੀ ਹੇਠਾਂ ਧਰਨੇ ’ਤੇ ਬੈਠ ਗਏ। ਰਾਤ ਭਰ ਵੀ ਅਧਿਆਪਕਾਵਾਂ ਟੈਂਕੀ ਉਪਰ ਡਟੀਆਂ ਰਹੀਆਂ। ਯੂਨੀਅਨ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਡੀ ਤਾਦਾਦ ’ਚ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਹਨ ਪਰ 130 ਦੇ ਕਰੀਬ ਕੱਚੇ ਅਧਿਆਪਕ ਰੈਗੂਲਰ ਹੋਣ ਤੋਂ ਵਾਂਝੇ ਹਨ ਜਿਨ੍ਹਾਂ ਨੂੰ 31 ਅਗਸਤ 2023 ਨੂੰ ਸੇਵਾਵਾਂ ਨਿਭਾਉਂਦਿਆਂ 10 ਸਾਲ ਪੂਰੇ ਹੋ ਚੁੱਕੇ ਹਨ। 7 ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਰੈਗੂਲਰ ਆਰਡਰ ਨਹੀਂ ਮਿਲੇ। ਸਿਰਫ਼ ਛੇ ਹਜ਼ਾਰ ਨਿਗੂਣੀ ਤਨਖਾਹ ’ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। ਇਸ ਮੌਕੇ ਸ੍ਰੀ ਮਾਨ ਨੇ ਅਧਿਆਪਕਾਂ ਤੋਂ ਮੰਗ ਪੱਤਰ ਲਿਆ ਅਤੇ ਪੰਜਾਬ ਸਰਕਾਰ ਕੋਲ ਉਨ੍ਹਾਂ ਦੀ ਆਵਾਜ਼ ਉਠਾਉਣ ਦਾ ਭਰੋਸਾ ਦਿਵਾਇਆ। ਸ੍ਰੀ ਮਾਨ ਨੇ ਮੌਕੇ ’ਤੇ ਸਿਵਲ, ਪੁਲੀਸ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕਰਕੇ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਲਈ ਆਖਿਆ। ਇਸ ਮੌਕੇ ਮਹਿਲਾ ਅਧਿਆਪਕਾਵਾਂ ਨੇ ਦਾਅਵਾ ਕੀਤਾ ਕਿ ਉਹ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ਉਪਰ ਚੜ੍ਹੀਆਂ ਹਨ, ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ, ਉਹ ਹੇਠਾਂ ਨਹੀਂ ਉਤਰਨਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਜਾਂ ਪ੍ਰਸ਼ਾਸਨ ਨੇ ਕਿਸੇ ਕਿਸਮ ਦੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਖਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟਣਗੀਆਂ।

LEAVE A REPLY

Please enter your comment!
Please enter your name here