ਲਖਨਊ, 13 ਮਈ

ਬਸਪਾ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਕਿਹਾ ਕਿ ਜੇ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਸੱਤਾ ’ਚ ਆਉਂਦੀ ਹੈ ਤਾਂ ‘ਅਵਧ ਖੇਤਰ’ ਨੂੰ ਇੱਕ ਵੱਖਰਾ ਸੂਬਾ ਬਣਾਇਆ ਜਾਵੇਗਾ। ਲਖਨਊ, ਮੋਹਨਲਾਲਗੰਜ, ਰਾਏਬਰੇਲੀ ਅਤੇ ਅਮੇਠੀ ਲੋਕ ਸਭਾ ਸੀਟਾਂ ਤੋਂ ਪਾਰਟੀ ਉਮੀਦਵਾਰਾਂ ਦੇ ਸਮਰਥਨ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੇ ਪੁਨਰਗਠਨ ’ਤੇ ਆਪਣਾ ਪੁਰਾਣਾ ਰੁਖ ਦੁਹਰਾਉਂਦਿਆਂ ਕਿਹਾ, ‘‘ਅਵਧ ਖੇਤਰ ਦੇ ਲੋਕ ਲੰਮੇ ਸਮੇਂ ਤੋਂ ਵੱਖਰੇ ਸੂਬੇ ਦੀ ਮੰਗ ਕਰ ਰਹੇ ਹਨ। ਜਦੋਂ ਸਾਡੀ ਪਾਰਟੀ ਕੇਂਦਰ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਅਵਧ ਖੇਤਰ ਨੂੰ ਇੱਕ ਵੱਖਰਾ ਸੂਬਾ ਬਣਾਇਆ ਜਾਵੇਗਾ, ਜਿਸ ਵਿੱਚ ਲਖਨਊ ਵੀ ਸ਼ਾਮਲ ਹੋਵੇਗਾ।’’ ਨਵੰਬਰ 2011 ਵਿੱਚ ਮਾਇਆਵਤੀ ਦੀ ਤਤਕਾਲੀ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ ਚਾਰ ਸੂਬਿਆਂ ਵਿੱਚ ਵਿੱਚ ਵੰਡਣ ਸਬੰਧੀ ਬਿੱਲ ਪਾਸ ਕੀਤਾ ਸੀ। ਹਾਲਾਂਕਿ ਕੇਂਦਰ ਦੀ ਤਤਕਾਲੀ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਕਈ ਸਪੱਸ਼ਟੀਕਰਨ ਮੰਗਦਿਆਂ ਇਸ ਨੂੰ ਸੂਬਾ ਸਰਕਾਰ ਨੂੰ ਵਾਪਸ ਭੇਜ ਦਿੱਤਾ ਸੀ।

ਮਾਇਆਵਤੀ ਨੇ ਆਪਣੇ ਭਾਸ਼ਣ ’ਚ ਰਾਖਵੇਂਕਰਨ ਦੇ ਮੁੱਦੇ ’ਤੇ ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਹੋਰ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦਿਆਂ ਹੋਏ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਸੱਤਾ ’ਚ ਸੀ ਤਾਂ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅਨੁਸੂਚਿਤ ਜਾਤੀਆਂ ਦਾ ਰਾਖਵਾਂਕਰਨ ਖ਼ਤਮ ਕਰ ਦਿੱਤਾ ਸੀ। ਉਨ੍ਹਾਂ ਕਿਹਾ ਜਦੋਂ ਬਸਪਾ ਨੇ ਸੰਸਦ ਵਿੱਚ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਸੱਤਾ ਵਿੱਚ ਸੀ ਅਤੇ ਭਾਜਪਾ ਵਿਰੋਧੀ ਧਿਰ ਸੀ। ਉਸ ਵੇਲੇ ਦੋਵੇਂ ਪਾਰਟੀਆਂ ਨੇ ਬਸਪਾ ਦਾ ਸਮਰਥਨ ਨਹੀਂ ਕੀਤਾ ਪਰ ਅੱਜ ਜਦੋਂ ਚੋਣਾਂ ਹੋ ਰਹੀਆਂ ਹਨ ਤਾਂ ਇਹ ਸਾਰੀਆਂ ਪਾਰਟੀਆਂ ਰਾਖਵਾਂਕਰਨ ਦੇਣ ਦੀ ਗੱਲ ਕਰ ਰਹੀਆਂ ਹਨ। -ਪੀਟੀਆਈ

LEAVE A REPLY

Please enter your comment!
Please enter your name here