ਸ਼ਿਮਲਾ/ਨਵੀਂ ਦਿੱਲੀ, 28 ਫਰਵਰੀ

ਰਾਜ ਸਭਾ ਚੋਣਾਂ ਵਿਚ ਕਰਾਸ ਵੋਟਿੰਗ ਕਰਕੇ ਮਿਲੀ ਹਾਰ ਤੋਂ ਇਕ ਦਿਨ ਮਗਰੋਂ ਕਾਂਗਰਸ ਨੇ ਅੱਜ ਹਿਮਾਚਲ ਪ੍ਰਦੇਸ਼ ਵਿਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਆਪਣੀ ਸਰਕਾਰ ਨੂੰ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ। ਸੁੱਖੂ ਸਰਕਾਰ ’ਚ ਮੰਤਰੀ ਵਿਕਰਮਾਦਿੱਤਿਆ ਸਿੰਘ ਵੱਲੋਂ ਅੱਜ ਸਵੇਰੇ ਅਸਤੀਫ਼ਾ ਦੇਣ ਦੇ ਕੀਤੇ ਐਲਾਨ ਨਾਲ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਜ਼ਰੂਰ ਲੱਗਿਆ ਪਰ ਕਾਂਗਰਸ ਹਾਈ ਕਮਾਨ ਵੱਲੋਂ ਭੇੇਜੇ ਕੇਂਦਰੀ ਨਿਗਰਾਨਾਂ- ਭੁਪੇਸ਼ ਬਘੇਲ, ਭੁਪਿੰਦਰ ਸਿੰਘ ਹੁੱਡਾ, ਡੀ.ਕੇ.ਸ਼ਿਵਕੁਮਾਰ ਅਤੇ ਹਿਮਾਚਲ ਮਾਮਲਿਆਂ ਦੇ ਇੰਚਾਰਜ ਰਾਜੀਵ ਸ਼ੁਕਲਾ ਵੱਲੋੋਂ ਸਮਝਾਉਣ ਮਗਰੋਂ ਵਿਕਰਮਾਦਿੱਤਿਆ ਸਿੰਘ ਸ਼ਾਮ ਨੂੰ ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਹੋ ਗਿਆ। ਸਿੰਘ ਨੇ ਕਿਹਾ ਕਿ ਵਿਅਕਤੀ ਵਿਸ਼ੇਸ਼ ਨਾਲੋਂ ਸੰਗਠਨ ਸਭ ਤੋਂ ਉੱਤੇ ਹੈ। ਉਧਰ ਸੁੱਖੂ ਸਰਕਾਰ ਨੇ ਅੱਜ ਅਸੈਂਬਲੀ ਵਿਚ ਬਜਟ ਪਾਸ ਕਰਨ ਤੋਂ ਪਹਿਲਾਂ ਸਦਨ ਵਿਚ ਰੌਲੇ-ਰੱਪੇ ਤੇ ਨਾਅਰੇਬਾਜ਼ੀ ਦੇ ਹਵਾਲੇ ਨਾਲ ਭਾਜਪਾ ਦੇ 15 ਵਿਧਾਇਕਾਂ ਨੂੰ ਮੁਅੱਤਲ ਕਰਕੇ ਸਿਆਸੀ ਸੰਕਟ ਨੂੰ ਕੁਝ ਹੱਦ ਤੱਕ ਟਾਲ ਦਿੱਤਾ ਸੀ। ਇਸ ਦੌਰਾਨ ਕਰਾਸ ਵੋਟਿੰਗ ਕਰਨ ਵਾਲੇ 6 ਕਾਂਗਰਸੀ ਵਿਧਾਇਕ ਅਯੋਗਤਾ ਨਾਲ ਸਬੰਧਤ ਪਟੀਸ਼ਨ ਨੂੰ ਲੈ ਕੇ ਸਪੀਕਰ ਅੱਗੇ ਪੇਸ਼ ਹੋਏ। ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ।

ਇਸ ਤੋਂ ਪਹਿਲਾਂ ਅੱਜ ਦਿਨੇ ਸੁੱਖੂ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਹਿਮਾਚਲ ਦੀ ਕਾਂਗਰਸ ਸਰਕਾਰ ਲਈ ਨਵਾਂ ਸੰਕਟ ਖੜ੍ਹਾ ਕਰ ਦਿੱਤਾ। ਸਿੰਘ ਨੇ ਕਿਹਾ ਕਿ ਉਨ੍ਹਾਂ ਸੁੱਖੂ ਸਰਕਾਰ ਦੀ ਹਮਾਇਤ ਕੀਤੀ, ਪਰ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਦਾ ਸਨਮਾਨ ਨਹੀਂ ਮਿਲਿਆ। ਵਿਕਰਮਾਦਿੱਤਿਆ ਸਿੰਘ ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦਾ ਪੁੱਤਰ ਹੈ। ਸਿੰਘ ਨੇ ਕਿਹਾ ਕਿ 2022 ਵਿਚ ਕਾਂਗਰਸ ਦੀ ਚੋਣ ਮੁਹਿੰਮ ਉਨ੍ਹਾਂ ਦੇ ਪਿਤਾ ਦੇ ਨਾਮ ’ਤੇ ਚਲਾਈ ਗਈ, ਪਰ ਪੋਸਟਰਾਂ ਤੇ ਹੋਰਡਿੰਗਾਂ ਵਿਚ ਉਨ੍ਹਾਂ ਦੇ ਪਿਤਾ ਦੀ ਇਕ ਵੀ ਤਸਵੀਰ ਨਜ਼ਰ ਨਹੀਂ ਆਈ। ਸਿੰਘ ਦੇ ਅਸਤੀਫੇ ਦੇ ਐਲਾਨ ਨਾਲ ਹੀ ਕਾਂਗਰਸ ਹਾਈ ਕਮਾਨ ਵੀ ਹਰਕਤ ਵਿਚ ਆ ਗਈ ਤੇ ਪਾਰਟੀ ਨੇ ਆਪਣੇ ਤਿੰਨ ਕੇਂਦਰੀ ਨਿਗਰਾਨ ਸ਼ਿਮਲਾ ਰਵਾਨਾ ਕਰ ਦਿੱਤੇ। ਇਨ੍ਹਾਂ ਕੇਂਦਰੀ ਨਿਗਰਾਨਾਂ ਨੇ ਸ਼ਾਮ ਸਮੇਂ ਪਾਰਟੀ ਵਿਧਾਇਕਾਂ ਨਾਲ ਵਿਚਾਰ ਚਰਚਾ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਉਨ੍ਹਾਂ ਸਾਰੇ ਨਿਗਰਾਨਾਂ ਤੇ ਹਿਮਾਚਲ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਰਾਜੀਵ ਸ਼ੁਕਲਾ ਦੀ ਡਿਊਟੀ ਲਾਈ ਹੈ ਕਿ ਉਹ ਨਾਰਾਜ਼ ਵਿਧਾਇਕਾਂ ਸਣੇ ਸਾਰਿਆਂ ਨਾਲ ਗੱਲਬਾਤ ਕਰਨ ਤੇ ਇਕ ਵਿਆਪਕ ਰਿਪੋਰਟ ਵੀਰਵਾਰ ਸ਼ਾਮ ਤੱਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੌਂਪਣ। ਰਮੇਸ਼ ਨੇ ਕਿਹਾ, ‘‘ਇਸ ਵੇਲੇ ਪਾਰਟੀ ਸਾਡੀ ਤਰਜੀਹ ਹੈ ਤੇ ਅਸੀਂ ਸਖ਼ਤ ਕਦਮ ਚੁੱਕਣ ਤੋਂ ਸੰਕੋਚ ਨਹੀਂ ਕਰਾਂਗੇ।’’

ਉਧਰ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਇਕ ਵਫ਼ਦ ਨਾਲ ਅੱਜ ਸਵੇਰੇ 7:30 ਵਜੇ ਦੇ ਕਰੀਬ ਰਾਜ ਭਵਨ ਪਹੁੰਚੇ। ਉਨ੍ਹਾਂ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਅੱਗੇ ਮੰਗ ਰੱਖੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਦਨ ਵਿਚ ਫਾਇਨਾਂਸ ਬਿੱਲ ਨੂੰ ਵੋਟਿੰਗ ਨਾਲ ਹੀ ਪਾਸ ਕੀਤਾ ਜਾਵੇ। ਬਜਟ ਇਜਲਾਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਹਰਸ਼ਵਰਧਨ ਚੌਹਾਨ ਨੇ ਕਥਿਤ ਸਪੀਕਰ ਦਾ ਨਿਰਾਦਰ ਕੀਤੇ ਜਾਣ ਨੂੰ ਲੈ ਕੇ ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰਨ ਲਈ ਮਤਾ ਰੱਖਿਆ। ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਸਵੀਕਾਰ ਕਰ ਲਿਆ ਗਿਆ ਤੇ ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਸਣੇ 15 ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਭਾਜਪਾ ਮੈਂਬਰਾਂ ਨੇ ਸਦਨ ’ਚੋਂ ਬਾਹਰ ਜਾਣ ਤੋਂ ਇਨਕਾਰ ਕੀਤਾ ਤਾਂ ਸਪੀਕਰ ਨੇ ਸਦਨ ਨੂੰ 12 ਵਜੇ ਤੱਕ ਮੁਅੱਤਲ ਕਰ ਦਿੱਤਾ। ਮੁਅੱਤਲ ਕੀਤੇ ਭਾਜਪਾ ਵਿਧਾਇਕਾਂ ਵਿਚ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ, ਵਿਪਿਨ ਪਰਮਾਰ, ਰਣਧੀਰ ਸ਼ਰਮਾ, ਹੰਸ ਰਾਜ, ਵਿਨੋਦ ਕੁਮਾਰ, ਜਨਕ ਰਾਜ, ਬਲਬੀਰ ਵਰਮਾ, ਲੋਕਿੰਦਰ ਕੁਮਾਰ, ਤ੍ਰਿਲੋਕ ਜਮਵਾਲ, ਸੁਰਿੰਦਰ ਸ਼ੋਰੀ, ਪੂਰਨ ਚੰਦ, ਦਲੀਪ ਠਾਕੁਰ, ਇੰਦਰ ਸਿੰਘ ਗਾਂਧੀ, ਰਣਬੀਰ ਨਿੱਕਾ ਤੇ ਦੀਪ ਰਾਜ ਸ਼ਾਮਲ ਹਨ।

ਜੈਰਾਮ ਠਾਕੁਰ ਨੇ ਮਗਰੋਂ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 15 ਭਾਜਪਾ ਵਿਧਾਇਕਾਂ ਨੂੰ ਸਦਨ ਵਿਚ ਕਥਿਤ ਰੌਲੇ-ਰੱਪੇ ਲਈ ਮੁਅੱਤਲ ਕਰਨ ਪਿਛਲਾ ਅਸਲ ਮੰਤਵ ਬਜਟ ਪਾਸ ਕਰਵਾਉਣਾ ਤੇ ਕਾਂਗਰਸ ਸਰਕਾਰ ਨੂੰ ਡਿੱਗਣ ਤੋਂ ਬਚਾਉਣਾ ਸੀ। ਉਨ੍ਹਾਂ ਕਿਹਾ ਕਿ ਰਾਜ ਸਭਾ ਚੋਣਾਂ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਕਾਂਗਰਸ ਸਰਕਾਰ ਘੱਟਗਿਣਤੀ ਵਿਚ ਹੈ। ਉਨ੍ਹਾਂ ਮੁੱਖ ਮੰਤਰੀ ਸੁੱਖੂ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ। ਉਧਰ ਕਰਾਸ ਵੋਟਿੰਗ ਕਰਨ ਵਾਲੇ ਛੇ ਕਾਂਗਰਸੀ ਵਿਧਾਇਕਾਂ ਜਿਨ੍ਹਾਂ ਮੰਗਲਵਾਰ ਦੀ ਰਾਤ ਪੰਚਕੂਲਾ ਦੇ ਇਕ ਗੈਸਟ ਹਾਊਸ ਵਿਚ ਕੱਟੀ ਸੀ, ਅੱਜ ਮੁੜ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਹੈਲੀਕਾਪਟਰ ਰਾਹੀਂ ਹਿਮਾਚਲ ਅਸੈਂਬਲੀ ਵਿਚ ਪੁੱਜੇ। ਜਿਵੇਂ ਹੀ ਇਹ ਬਾਗ਼ੀ ਵਿਧਾਇਕ ਸਦਨ ਵਿਚ ਦਾਖਲ ਹੋਏ ਭਾਜਪਾ ਮੈਂਬਰਾਂ ਨੇ ਮੇਜ਼ ਥਾਪੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ‘ਜੈ ਸ੍ਰੀ ਰਾਮ ਬਨ ਗਿਆ ਕਾਮ’ ਦੇ ਨਾਅਰੇ ਲਾਏ।

ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਜਪਾ ਆਗੂ। -ਫੋਟੋ:ਪੀਟੀਆਈ

ਮਗਰੋਂ ਇਹ ਛੇ ਬਾਗ਼ੀ ਕਾਂਗਰਸੀ ਵਿਧਾਇਕ ਪਾਰਟੀ ਵੱਲੋਂ ਸਪੀਕਰ ਕੋਲ ਦਾਇਰ ਅਯੋਗਤਾ ਪਟੀਸ਼ਨ ਨੂੰ ਲੈ ਕੇ ਸਪੀਕਰ ਕੁਲਦੀਪ ਸਿੰਘ ਪਠਾਣੀਆ ਕੋਲ ਪੇਸ਼ ਹੋਏ। ਰਾਜ ਸਭਾ ਚੋਣ ਲਈ ਪਾਰਟੀ ਵੱਲੋਂ ਜਾਰੀ ਵ੍ਹਿਪ ਦੀ ਉਲੰਘਣਾ ਲਈ ਇਨ੍ਹਾਂ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਬਾਗ਼ੀ ਵਿਧਾਇਕਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਸਾਰੇ ਸਬੰਧਤ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ। ਸੀਨੀਅਰ ਐਡਵੋਕੇਟ ਸੱਤਿਆ ਪਾਲ ਜੈਨ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਸਿਰਫ਼ ਨੋਟਿਸ ਅਤੇ ਮੰਗਲਵਾਰ ਸ਼ਾਮ ਨੂੰ ਦਾਇਰ ਪਟੀਸ਼ਨ ਦੀ ਹੀ ਕਾਪੀ ਦਿੱਤੀ ਗਈ ਹੈ। ਉਨ੍ਹਾਂ ਨੂੰ ਨੱਥੀ ਦਸਤਾਵੇਜ਼ ਨਹੀਂ ਦਿੱਤੇ ਗਏ। ਜੈਨ ਨੇ ਕਿਹਾ ਕਿ ਨੇਮਾਂ ਮੁਤਾਬਕ ਪਟੀਸ਼ਨ ਦੀ ਕਾਪੀ ਮੁਹੱਈਆ ਕਰਵਾਉਣ ਮਗਰੋਂ ਵਿਧਾਇਕਾਂ ਨੂੰ ਜਵਾਬ ਦਾਖ਼ਲ ਕਰਨ ਲਈ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ। ਜੈਨ ਨੇ ਕਿਹਾ ਕਿ ਦਲ ਬਦਲੀ ਕਾਨੂੰਨ ਤਹਿਤ ਪੰਜ ਜਾਂ ਛੇ ਸ਼ਰਤਾਂ ਹਨ ਜਿਨ੍ਹਾਂ ਵਿਚ ਜਵਾਬ ਦਾਖ਼ਲ ਕਰਨ ਲਈ ਸੱਤ ਦਿਨਾਂ ਦਾ ਸਮਾਂ ਵੀ ਸ਼ਾਮਲ ਹੈ ਅਤੇ ਜਿਸ ਦੀ ਪਾਲਣਾ ਕਰਨੀ ਬਣਦੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦਲ ਬਦਲੀ ਕਾਨੂੰਨ ਰਾਜ ਸਭਾ ਚੋਣਾਂ ਦੀ ਵੋੋਟਿੰਗ ’ਤੇ ਲਾਗੂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਾਰ ਵਾਰ ਇਹ ਗੱਲ ਆਖ ਚੁੱਕੀ ਹੈ। ਜੈਨ ਨੇ ਕਿਹਾ, ‘‘ਅਸੀਂ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਕੁਦਰਤੀ ਨਿਆਂ ਦੇ ਸਿਧਾਂਤ ਮੁਤਾਬਕ ਜਵਾਬ ਦਾਖਲ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਜਾਵੇ।’’ ਸਪੀਕਰ ਪਠਾਣੀਆ ਨੇ ਦਲੀਲਾਂ ਨੂੰ ਦਰਕਿਨਾਰ ਕਰਦੇ ਹੋਏ ਆਪਣਾ ਫੈਸਲਾ ਰਾਖਵਾਂ ਰੱਖ ਲਿਆ। -ਪੀਟੀਆਈ

ਹਿਮਾਚਲ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

ਸ਼ਿਮਲਾ: ਵਿੱਤੀ ਸਾਲ 2024-25 ਲਈ ਬਜਟ ਪੇਸ਼ ਕਰਨ ਮਗਰੋਂ ਹਿਮਾਚਲ ਪ੍ਰਦੇਸ਼ ਅਸੈਂਬਲੀ ਨੂੰ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਨੇ ਸਰਕਾਰ ਨੂੰ ਸੰਗਠਿਤ ਫੰਡ ਵਿਚੋਂ 6,24,21.73 ਕਰੋੜ ਰੁਪਏ ਖਰਚ ਕਰਨ ਦੀ ਖੁੱਲ੍ਹ ਦਿੰਦੇ ਨਮਿੱਤਣ ਬਿੱਲ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਬਜਟ ਪਾਸ ਕਰਨ ਮੌਕੇ ਭਾਜਪਾ ਮੈਂਬਰ ਸਦਨ ਵਿਚ ਮੌਜੂਦ ਨਹੀਂ ਸਨ, ਕਿਉਂਕਿ 15 ਮੈਂਬਰਾਂ ਨੂੰ ਰੌਲੇ-ਰੱਪੇ ਤੇ ਸਦਨ ਵਿਚ ਕੀਤੀ ਨਾਅਰੇਬਾਜ਼ੀ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਬਾਕੀ ਬਚਦੇ 10 ਮੈਂਬਰ ਆਪਣੇ ਸਾਥੀ ਮੈਂਬਰਾਂ ਦੀ ਮੁਅੱਤਲੀ ਦਾ ਵਿਰੋਧ ਕਰਦੇ ਹੋਏ ਵਾਕਆਊਟ ਕਰ ਗਏ ਸਨ। ਮੰਗਲਵਾਰ ਨੂੰ ਰਾਜ ਸਭਾ ਚੋਣ ਦੌਰਾਨ ਕਰਾਸ ਵੋਟਿੰਗ ਕਰਨ ਵਾਲੇ ਨੌਂ ਵਿਧਾਇਕ (6 ਕਾਂਗਰਸੀ ਤੇ 3 ਆਜ਼ਾਦ) ਵੀ ਇਸ ਮੌਕੇੇ ਸਦਨ ਵਿਚੋੋਂ ਗੈਰਹਾਜ਼ਰ ਸਨ। ਹਿਮਾਚਲ ਪ੍ਰਦੇਸ਼ ਅਸੈਂਬਲੀ ਨੂੰ ਮਿੱਥੇ ਨਾਲੋਂ ਇਕ ਦਿਨ ਪਹਿਲਾਂ ਮੁਲਤਵੀ ਕੀਤਾ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਜਿਨ੍ਹਾਂ ਕੋਲ ਵਿੱਤ ਮੰਤਰਾਲਾ ਵੀ ਹੈ, ਨੇ 17 ਫਰਵਰੀ ਨੂੰ ਬਜਟ ਪੇਸ਼ ਕੀਤਾ ਸੀ। ਬਜਟ ’ਤੇ 19 ਤੋਂ 22 ਫਰਵਰੀ ਤੱਕ ਚਰਚਾ ਵੀ ਹੋਈ। -ਪੀਟੀਆਈ

ਹਿਮਾਚਲ ਨੂੰ ‘ਸਿਆਸੀ ਸੰਕਟ’ ਵੱਲ ਧੱਕਣਾ ਚਾਹੁੰਦੀ ਹੈ ਭਾਜਪਾ: ਪ੍ਰਿਯੰਕਾ

ਨਵੀਂ ਦਿੱਲੀ: ਕਾਂਗਰਸ ਦੀ ਅਗਵਾਈ ਵਾਲੀ ਹਿਮਾਚਲ ਪ੍ਰਦੇਸ਼ ਸਰਕਾਰ ਵਿਚ ਜਾਰੀ ਸਿਆਸੀ ਸੰਕਟ ਦਰਮਿਆਨ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਪੈਸੇ ਦੀ ਤਾਕਤ ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਸਿਰ ’ਤੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ‘ਮਧੋਲਣਾ’ ਤੇ ਸੂਬੇ ਨੂੰ ‘ਸਿਆਸੀ ਸੰਕਟ’ ਵੱਲ ਧੱਕਣਾ ਚਾਹੁੰਦੀ ਹੈ। ਹਿਮਾਚਲ ਪ੍ਰਦੇਸ਼ ਅਸੈਂਬਲੀ ਦੀਆਂ ਸਾਲ 2022 ਵਿਚ ਹੋਈਆਂ ਚੋਣਾਂ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜਮਹੂਰੀਅਤ ਵਿਚ ਆਮ ਲੋਕਾਂ ਨੂੰ ਆਪਣੀ ਮਰਜ਼ੀ ਦੀ ਸਰਕਾਰ ਚੁਣਨ ਦਾ ਅਧਿਕਾਰ ਹੈ। ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਹਿਮਾਚਲ ਦੇ ਲੋਕਾਂ ਨੇ ਇਸ ਅਧਿਕਾਰ ਦੀ ਵਰਤੋਂ ਕੀਤੀ ਤੇ ਸਪਸ਼ਟ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਬਣਾਈ। ਪਰ ਭਾਜਪਾ ਹਿਮਾਚਲ ਦੇ ਲੋਕਾਂ ਦੇ ਇਸ ਅਧਿਕਾਰ ਨੂੰ ਪੈਸੇ ਦੀ ਤਾਕਤ, ਏਜੰਸੀਆਂ ਦੀ ਤਾਕਤ ਤੇ ਕੇਂਦਰ ਦੀ ਤਾਕਤ ਦੀ ਦੁਰਵਰਤੋਂ ਕਰਕੇ ਮਧੋਲਣਾ ਚਾਹੁੰਦੀ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਇਸ ਮੰਤਵ ਲਈ ਜਿਸ ਢੰਗ ਨਾਲ ਸਰਕਾਰੀ ਸੁਰੱਖਿਆ ਤੇ ਹੋਰ ਮਸ਼ੀਨਰੀ ਵਰਤ ਰਹੀ ਹੈ ਉਹ ਦੇਸ਼ ਦੇ ਇਤਿਹਾਸ ਵਿਚ ਬੇਮਿਸਾਲ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜੇਕਰ 25 ਵਿਧਾਇਕਾਂ ਵਾਲੀ ਇਕ ਪਾਰਟੀ 43 ਵਿਧਾਇਕਾਂ ਦੇ ਬਹੁਮੱਤ ਨੂੰ ਚੁਣੌਤੀ ਦੇ ਰਹੀ ਹੈ ਤਾਂ ਇਸ ਦਾ ਸਾਫ਼ ਮਤਲਬ ਹੈ ਕਿ ਉਸ ਨੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ’ਤੇ ਟੇਕ ਰੱਖੀ ਹੋਈ ਹੈ। ਗਾਂਧੀ ਨੇ ਕਿਹਾ, ‘‘ਉਨ੍ਹਾਂ (ਭਾਜਪਾ) ਦਾ ਇਹ ਰਵੱਈਆ ਅਨੈਤਿਕ ਤੇ ਗੈਰਸੰਵਿਧਾਨਕ ਹੈ। ਦੇਸ਼ ਅਤੇ ਹਿਮਾਚਲ ਦੇ ਲੋਕ ਸਭ ਕੁਝ ਦੇਖ ਰਹੇ ਹਨ। ਭਾਜਪਾ ਜੋ ਕੁਦਤਰੀ ਆਫ਼ਤ ਵੇਲੇ ਸੂਬੇ ਦੇ ਲੋਕਾਂ ਨਾਲ ਨਹੀਂ ਖੜ੍ਹੀ, ਹੁਣ ਸੂਬੇ ਨੂੰ ਸਿਆਸੀ ਸੰਕਟ ਵੱਲ ਧੱਕਣਾ ਚਾਹੁੰਦੀ ਹੈ।’’ -ਪੀਟੀਆਈ

ਬਾਗ਼ੀ ਵਿਧਾਇਕ ਪੰਚਕੂਲਾ ਪਰਤੇ

ਪੰਚਕੂਲਾ (ਪੀ.ਪੀ. ਵਰਮਾ): ਹਿਮਾਚਲ ਪ੍ਰਦੇਸ਼ ਦੇ ਬਾਗ਼ੀ ਵਿਧਾਇਕ ਪੰਚਕੂਲਾ ਦੇ ਸੈਕਟਰ-3 ਸਥਿਤ ਹੋਟਲ ਹੌਲੀਡੇਅ ਇਨ ਵਿੱਚ ਠਹਿਰਨ ਮਗਰੋਂ ਅੱਜ ਸਵੇਰੇ ਹੈਲੀਕਾਪਟਰ ਰਾਹੀਂ ਸ਼ਿਮਲਾ ਲਈ ਰਵਾਨਾ ਹੋ ਗਏ। ਇਹ ਵਿਧਾਇਕ ਮੰਗਲਵਾਰ ਸ਼ਾਮ ਨੂੰ ਪੰਚਕੂਲਾ ਪਹੁੰਚੇ ਤੇ ਸੈਕਟਰ-3 ਸਥਿਤ ਹੋਟਲ ਹੌਲੀਡੇਅ ਇਨ ’ਚ ਠਹਿਰੇ ਸਨ। ਅੱਜ ਸਵੇਰੇ ਹੈਲੀਕਾਪਟਰ ਨੇ ਇਨ੍ਹਾਂ ਵਿਧਾਇਕਾਂ ਨੂੰ ਲੈ ਕੇ ਤਾਊ ਦੇਵੀਲਾਲ ਸਟੇਡੀਅਮ ਤੋਂ ਸ਼ਿਮਲਾ ਲਈ ਉਡਾਣ ਭਰੀ ਤਾਂ ਸਟੇਡੀਅਮ ਦੇ ਨੇੜੇ ਸੜਕਾਂ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਹਾਲਾਂਕਿ ਸ਼ਾਮ ਵੇਲੇ ਇਹ ਵਿਧਾਇਕ ਸ਼ਿਮਲਾ ਤੋਂ ਫਿਰ ਪੰਚਕੂਲਾ ਪਰਤ ਆਏ ਅਤੇ ਹੋਟਲ ਹੌਲੀਡੇਅ ਇਨ ਵਿੱਚ ਪਹੁੰਚ ਗਏ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਨੇ ਇਨ੍ਹਾਂ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਧਾਇਕਾਂ ਵਿੱਚ ਛੇ ਕਾਂਗਰਸੀ ਤੇ ਤਿੰਨ ਆਜ਼ਾਦ ਵਿਧਾਇਕ ਹਨ। ਇਸ ਮਾਮਲੇ ਨੂੰ ਲੈ ਕੇ ਮਾਤਾ ਮਨਸਾ ਦੇਵੀ ਕੰਪਲੈਕਸ, ਭਾਜਪਾ ਦੇ ਸਟੇਟ ਦਫ਼ਤਰ ਪੰਚਕਮਲ ’ਚ ਭਾਜਪਾ ਦੇ ਛੋਟੇ-ਵੱਡੇ ਸਿਆਸੀ ਨੇਤਾਵਾਂ ਦਾ ਜਮਾਵੜਾ ਲੱਗਿਆ ਰਿਹਾ।

LEAVE A REPLY

Please enter your comment!
Please enter your name here