ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 5 ਅਪਰੈਲ
ਪਿੰਡ ਕੂੰਮ ਖੁਰਦ ਨੇੜਲੇ ਸੂਏ ਵਿੱਚ ਡੁੱਬਣ ਕਾਰਨ ਅੱਜ ਬਾਅਦ ਦੁਪਹਿਰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਹੰਮਦ ਅਸਦੁੱਲਾ (17) ਅਤੇ ਮੁਹੰਮਦ ਮਣਤੁੱਲਾ (12) ਵਾਸੀ ਝੂੰਗੀਆਂ ਪੰਜੇਟਾ ਵਜੋਂ ਹੋਈ ਹੈ। ਇਹ ਦੋਵੇਂ ਭਰਾ ਅੱਜ ਸਵੇਰੇ ਮਸਜਿਦ ਵਿੱਚ ਨਮਾਜ਼ ਅਦਾ ਕਰਨ ਉਪਰੰਤ ਆਪਣੇ ਪਿੰਡ ਝੂੰਗੀਆਂ ਪੰਜੇਟਾ ਪਰਤ ਰਹੇ ਸਨ ਅਤੇ ਰਸਤੇ ਵਿੱਚ ਪੈਂਦੇ ਸੂਏ ਵਿੱਚ ਵੜ ਕੇ ਪਾਣੀ ਵਿੱਚ ਤਸਵੀਰਾਂ ਖਿਚਵਾਉਣ ਲੱਗ ਪਏ। ਅਚਾਨਕ ਪਾਣੀ ਦੇ ਵਹਾਅ ਵਿੱਚ ਮੁਹੰਮਦ ਮਣਤੁੱਲਾ ਰੁੜ੍ਹ ਗਿਆ ਜਿਸ ਨੂੰ ਬਚਾਉਣ ਲਈ ਉਸ ਦੇ ਵੱਡੇ ਭਰਾ ਨੇ ਵੀ ਛਾਲ ਮਾਰ ਦਿੱਤੀ ਪਰ ਪਾਣੀ ਦੇ ਤੇਜ਼ ਵਹਾਅ ਵਿਚ ਦੋਵੇਂ ਜਣੇ ਡੁੱਬ ਗਏ।