kisan Protest Replace: ਹਰਿਆਣਾ ਤੇ ਪੰਜਾਬ ਦੀ ਸਰਹੱਦ ਸ਼ੰਭੂ ਬਾਰਡਰ ‘ਤੇ ਲੱਗੇ ਕਿਸਾਨ ਮੋਰਚੇ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਦਿੱਲੀ ਨੂੰ ਕੂਚ ਕਰਨਗੇ। ਇਸ ਸਬੰਧੀ ਅੱਜ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਇੱਕ ਬੈਠਕ ਸੱਦੀ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ। ਕਿਸਾਨਾਂ ਨੇ ਕਿਹਾ ਕਿ ਜਿਵੇਂ ਹੀ ਹਰਿਆਣਾ ਸਰਕਾਰ ਸ਼ੰਭੂ ਸਰਹੱਦ ‘ਤੇ ਲਗਾਈ ਬੈਰੀਕੇਡਿੰਗ ਹਟਾਏਗੀ ਤਾਂ ਅਸੀਂ ਦਿੱਲੀ ਨੂੰ ਕੂਚ ਕਰਾਂਗੇ।
ਅੱਜ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਦਿੱਲੀ ਵਿੱਚ ਜੰਤਰ ਮੰਤਰ ਜਾਂ ਫਿਰ ਰਾਮ ਲੀਲਾ ਮੈਦਾਨ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਹਰਿਆਣਾ ਦੇ ਕਿਸਾਨ ਲੀਡਰ ਨਵਦੀਪ ਸਿੰਘ ਦੀ ਗ੍ਰਿਫ਼ਤਾਰੀ ਖਿਲਾਫ਼ ਵੀ ਵੱਡਾ ਐਲਾਨ ਕੀਤਾ ਹੈ। ਕੱਲ੍ਹ ਸਾਰੇ ਜਥੇਬੰਦੀਆਂ ਦੇ ਕਿਸਾਨ ਅੰਬਾਲਾ ਦੀ ਆਨਾਜ਼ ਮੰਡੀ ਵਿੱਚ ਇਕੱਠਾ ਹੋਣਗੇ। ਫਿਰ ਓੱਥੋਂ ਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵਗੇਾ।
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਸਾਡੀ ਤਰਜੀਹ ਦਿੱਲੀ ਜਾਣਾ ਹੈ ਅਤੇ ਦੂਜੀ ਤਰਜੀਹ ਰਾਮ ਲੀਲਾ ਮੈਦਾਨ ਹੈ। ਸਾਡਾ ਹੋਰ ਕੋਈ ਇਰਾਦਾ ਨਹੀਂ ਹੈ। ਸਰਕਾਰ ਜਿੱਥੇ ਵੀ ਸਾਨੂੰ ਰੋਕੇਗੀ, ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ। 15 ਸਤੰਬਰ ਨੂੰ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ। 15 ਸਤੰਬਰ ਨੂੰ ਜੀਂਦ ਦੇ ਆਸ-ਪਾਸ ਪੰਚਾਇਤ ਹੋਵੇਗੀ। ਦੂਸਰਾ ਯਤਨ ਇਹ ਹੈ ਕਿ ਅਸੀਂ ਪੰਜਾਬ ਵਿੱਚ ਪੰਚਾਇਤਾਂ ਨੂੰ ਸੰਗਠਿਤ ਕਰੀਏ।
ਹਰਿਆਣਾ ਅਤੇ ਪੰਜਾਬ ਦੀ ਸਰਹੱਦ ਖਨੌਰੀ ਅਤੇ ਸ਼ੰਭੂ ਨੇੜੇ ਕਿਸਾਨ 13 ਫਰਵਰੀ 2024 ਤੋਂ ਧਰਨੇ ‘ਤੇ ਬੈਠੇ ਹੋਏ ਹਨ। ਕਿਸਾਨ 23 ਫਸਲਾਂ ‘ਤੇ ਐਮਐਸਪੀ ਅਤੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ। 13 ਫਰਵਰੀ ਤੋਂ ਕਿਸਾਨ ਦੋਵਾਂ ਸਰਹੱਦਾਂ ‘ਤੇ ਬੈਠੇ ਹਨ ਕਿਉਂਕਿ ਹਰਿਆਣਾ ਸਰਕਾਰ ਨੇ ਦੋਵਾਂ ਬਾਰਡਰਾਂ ‘ਤੇ 8 ਲੇਅਰ ਬੈਰੀਕੇਡਿੰਗ ਕੀਤੀ ਹੋਈ ਹੈ।
ਸ਼ੰਭੂ ਸਰਹੱਦ ਬਲੌਕੇਜ਼ ਦਾ ਮੁੱਦਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਪਹੁੰਚਿਆ ਸੀ। ਜਿਸ ‘ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ 7 ਦਿਨਾਂ ਦੇ ਅੰਦਰ ਅੰਦਰ ਹਾਈਵੇਅ ਖੋਲ੍ਹਣ ਦੇ ਹੁਕਮ ਦਿੱਤਾ ਸਨ। ਹਾਈ ਕੋਰਟ ਨੇ ਇਹ ਫੈਸਲਾ 10 ਜੁਲਾਈ ਨੂੰ ਸੁਣਾਇਆ ਸੀ ਅੱਜ ਇਹਨਾਂ ਹੁਕਮਾਂ ਦਾ ਆਖਰੀ ਦਿਨ ਹੈ ਪਰ ਹਰਿਆਣਾ ਸਰਕਾਰ ਨੇ ਰਾਹ ਸਾਫ਼ ਨਹੀਂ ਕੀਤੇ। ਕਿਉਂਕਿ ਹਰਿਆਣਾ ਸਰਕਾਰ ਤਰਕ ਦੇ ਰਹੀ ਹੈ ਕਿ ਇਹ ਮਾਮਲ ਹੁਣ ਸੁਪਰੀਮ ਕੋਰਟ ਵਿੱਚ ਵੀ ਹੈ ਜਦੋਂ ਤੱਕ ਸੁਪਰੀਮ ਕੋਰਟ ਹੁਕਮ ਨਹੀਂ ਸੁਣਾ ਦਿੰਦੀ ਉਦੋਂ ਤੱਕ ਅਸੀਂ ਕੋਈ ਐਕਸ਼ਨ ਨਹੀਂ ਕਰਾਂਗੇ।