ਏਸ਼ੀਅਨ ਪਾਵਰਲਿਫਟਿੰਗ ’ਚ ਛਾਇਆ ਇੰਦਰਜੀਤ ਸਿੰਘ

ਦਿਲਬਾਗ ਸਿੰਘ ਗਿੱਲ

ਅਟਾਰੀ, 18 ਦਸੰਬਰ

ਸਰਹੱਦੀ ਕਸਬਾ ਅਟਾਰੀ ਹੁਣ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਂ ਰੋਸ਼ਨ ਕਰ ਰਿਹਾ ਹੈ ਜਿਸ ਨੇ ਲਗਾਤਾਰ ਇੱਕ ਸਾਲ ਵਿੱਚ ਦੇਸ਼ ਨੂੰ ਦੋ ਚੈਂਪੀਅਨ ਦਿੱਤੇ ਹਨ। ਇਸ ਸਾਲ ਇਸ ਪਿੰਡ ਦੇ ਸ਼ਮਸ਼ੇਰ ਸਿੰਘ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤ ਕੇ ਦੇਸ਼ ਅਤੇ ਅਟਾਰੀ ਦਾ ਨਾਂ ਰੌਸ਼ਨ ਕੀਤਾ ਸੀ ਤੇ ਹੁਣ ਅਟਾਰੀ ਦੇ ਜੰਮਪਲ ਇੰਦਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਨੇ ਰਾਅ ਪਾਵਰ ਲਿਫਟਿੰਗ ਭਾਰਤ ਵੱਲੋਂ ਗੋਆ ’ਚ ਕਰਵਾਈ ਗਈ ਰਾਅ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਦੋ ਗੋਲਡ ਮੈਡਲ ਹਾਸਲ ਕਰਕੇ ਨਾਮਣਾ ਖੱਟਿਆ ਹੈ। ਅੱਜ ਜਦੋਂ ਇੰਦਰਜੀਤ ਸਿੰਘ ਅਟਾਰੀ ਪੁੱਜਾ ਤਾਂ ਸਥਾਨਕ ਲੋਕਾਂ ਨੇ ਢੋਲ ਵਜਾ ਕੇ ਉਸ ਦਾ ਸਵਾਗਤ ਕੀਤਾ। ਇਸ ਮੌਕੇ ਚੈਂਪੀਅਨ ਬਣੇ ਇੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਏਸ਼ੀਆ ਚੈਂਪੀਅਨਸ਼ਿਪ ਵਿੱਚ ਭਾਰਤ, ਪਾਕਿਸਤਾਨ, ਸਿੰਘਾਪੁਰ, ਮਲੇਸ਼ੀਆ, ਭੁਟਾਨ, ਨੇਪਾਲ, ਤਾਈਵਾਨ ਤੇ ਸ੍ਰੀਲੰਕਾ ਨੇ ਭਾਗ ਲਿਆ ਜਿਨ੍ਹਾਂ ਦੇ ਲਗਪਗ 115 ਖਿਡਾਰੀ ਸ਼ਾਮਿਲ ਸਨ। ਉਸ ਨੇ ਇਸ ਚੈਂਪੀਅਨਸ਼ਿਪ ਵਿੱਚ ਦੋ ਈਵੈਂਟਾਂ ’ਚ ਭਾਗ ਲਿਆ ਜਿਸ ਵਿੱਚ ਫੁੱਲ ਪਾਵਰ ਲਿਫਟਿੰਗ ਤੇ ਹੋਰ ਈਵੈਂਟ ਵਿੱਚ ਗੋਲਡ ਮੈਡਲ ਹਾਸਲ ਕੀਤੇ। ਇੰਦਰਜੀਤ ਸਿੰਘ ਦੇ ਪਿਤਾ ਜਸਵੰਤ ਸਿੰਘ ਤੇ ਮਾਤਾ ਜਸਵਿੰਦਰ ਕੌਰ ਦਾ ਕਹਿਣਾ ਸੀ ਕਿ ਇੰਦਰਜੀਤ ਨੂੰ ਮਿਹਨਤ ਦਾ ਫਲ ਮਿਲਿਆ ਹੈ। 

Leave a Reply