ਪੰਜਾਬੀ

ਖੇਤੀ ਕਾਨੂੰਨਾਂ ਖ਼ਿਲਾਫ਼ ਪਟਿਆਲਾ ਤੇ ਮਾਨਸਾ ਵਿੱਚ ਪ੍ਰਦਰਸ਼ਨ ਕਰ ਰਹੇ ਦੋ ਕਿਸਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਰਬਜੀਤ ਸਿੰਘ ਭੰਗੂ/ ਜੋਗਿੰਦਰ ਸਿੰਘ ਮਾਨ

ਪਟਿਆਲਾ/ਮਾਨਸਾ, 17 ਅਕਤੂਬਰ

ਅੱਜ ਪਟਿਆਲਾ ਤੇ ਮਨਾਸਾ ਜ਼ਿਲ੍ਹਿਆਂ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਦੋ ਕਿਸਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਜ ਪਟਿਆਲਾ ਨੇੜਲੇ ਪਿੰਡ ਮਹਿਮਦਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਦੇ ਪੁਤਲੇ ਫੂਕਣ ਮੌਕੇ ਕਿਸਾਨ ਆਗੂ ਹਰਬੰਸ ਸਿੰਘ ਮਹਿਮਦਪੁਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 63 ਸਾਲ ਦੇ ਸਨ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਨਾਲਾ ਜੁੜੇ ਹੋਏ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਉਦੋਂ ਪਿਆ ਜਦੋਂ ਉਹ ਕਿਸਾਨਾਂ ਨੂੰ ਸੰਬੋਧਨ ਕਰਕੇ ਹਟੇ ਹੀ ਸਨ। ਕਿਸਾਨ ਆਗੂ ਦੀ ਇਸ ਮੌਤ ’ਤੇ ਜਗਮੋਹਨ ਸਿੰਘ ਉੱਪਲ, ਡਾ. ਦਰਸ਼ਨ ਪਾਲ, ਗੁਰਬਖ਼ਸ਼ ਸਿੰਘ ਬਲਬੇੜਾ, ਸਤਨਾਮ ਸਿੰਘ ਬਹਿਰੂ, ਬੂਟਾ ਸਿੰਘ ਸ਼ਾਦੀਪੁਰ, ਰਣਜੀਤ ਸਿੰਘ ਸਵਾਜਪੁਰ ਤੇ ਹਾਕਮ ਸਿੰਘ ਮਹਿਮਦਪੁਰ ਸਮੇਤ ਅਨੇਕਾਂ ਹੋਰਨਾਂ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਸਾਨ ਆਗੂ ਹਰਬੰਸ ਸਿੰਘ ਨੂੰ ਇਸ ਕਿਸਾਨ ਅੰਦੋਲਨ ਦਾ ਸ਼ਹੀਦ ਕਰਾਰ ਦਿੱਤਾ ਹੈ

ਮਾਨਸਾ: ਮਾਨਸਾ ਰੇਲਵੇ ਸਟੇਸ਼ਨ ਪਹਿਲੀ ਅਕਤੂਬਰ ਤੋਂ ਲਗਾਤਾਰ ਚੱਲ ਰਹੇ ਧਰਨੇ ਦੌਰਾਨ ਅੱਜ ਪਿੰਡ ਗੜੱਦੀ ਦੇ ਕਿਸਾਨ ਜਗਰਾਜ ਸਿੰਘ (58) ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਇਸ ਕਿਸਾਨ ਅੰਦੋਲਨ ਦੌਰਾਨ ਲਗਾਤਾਰ ਇਸ ਧਰਨੇ ਉਪਰ ਆਉਂਦੇ ਦੱਸਿਆ ਗਿਆ ਹੈ।

ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨਾਲ ਜੁੜਿਆ ਹੋਇਆ ਸੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਕਿਸਾਨ ਦੀ ਉਸ ਵੇਲੇ ਮੌਤ ਹੋਈ, ਜਦੋਂ ਉਹ ਜਥੇਬੰਦੀਆਂ ਦੇ ਸ਼ਹਿਰ ਵਿੱਚ ਕੱਢੇ ਮੁਜ਼ਾਹਰੇ ਵਿੱਚ ਭਾਗ ਲੈਕੇ ਮਾਨਸਾ ਦੀਆਂ ਰੇਲਵੇ ਲਾਈਨਾਂ ਉਪਰ ਆ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜਿਉਂ ਹੀ ਉਸ ਨੂੰ ਇਹ ਦੌਰਾ ਪਿਆ, ਉਸ ਵੇਲੇ ਜਥੇਬੰਦਕ ਆਗੂਆਂ ਨੇ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਪਰ ਉਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਕਿਸਾਨ 3 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਇਸ ਦੇ ਤਿੰਨ ਬੱਚੇ ਹਨ, ਜਦੋਂ ਕਿ ਇਸ ਦੀ ਧਰਮ ਪਤਨੀ ਦੀ ਮੌਤ ਹੋ ਚੁੱਕੀ ਹੈ। ਇਸ ਉਪਰ 12 ਲੱਖ ਰੁਪਏ ਦਾ ਸਰਕਾਰੀ/ਪ੍ਰਾਈਵੇਟ ਕਰਜ਼ਾ ਦੱਸਿਆ ਜਾਂਦਾ ਹੈ।

 


Related Articles

Leave a Reply

Your email address will not be published. Required fields are marked *

Back to top button

Adblock Detected

Please consider supporting us by disabling your ad blocker