ਪੰਜਾਬੀ

ਦਸਹਿਰਾ ਰੇਲ ਹਾਦਸਾ: ਪੀੜਤ ਪਰਿਵਾਰਾਂ ਨੂੰ ਦੋ ਸਾਲਾਂ ਤੋਂ ਸਰਕਾਰੀ ਨੌਕਰੀ ਦੀ ਉਡੀਕ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 17 ਅਕਤੂਬਰ

ਦਸਹਿਰੇ ਵਾਲੀ ਸ਼ਾਮ ਨੂੰ ਇੱਥੇ ਜੌੜਾ ਫਾਟਕ ਨੇੜੇ ਵਾਪਰੇ ਰੇਲ ਹਾਦਸੇ ਦੇ ਪੀੜਤਾਂ ਨੂੰ ਦੋ ਸਾਲ ਬੀਤਣ ਮਗਰੋਂ ਵੀ ਸਰਕਾਰੀ ਨੌਕਰੀ ਨਹੀਂ ਮਿਲੀ ਹੈ। ਇਹ ਪੀੜਤ ਪਰਿਵਾਰ ਅਜੇ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।

19 ਅਕਤੂਬਰ 2018 ਨੂੰ ਦਸਹਿਰੇ ਵਾਲੀ ਸ਼ਾਮ ਨੂੰ ਇੱਥੇ ਰੇਲ ਹਾਦਸਾ ਵਾਪਰਿਆ ਸੀ, ਜਿਸ ਵਿੱਚ ਰੇਲ ਗੱਡੀ ਹੇਠਾਂ ਆਉਣ ਕਾਰਨ 58 ਵਿਅਕਤੀ ਮਾਰੇ ਗਏ ਅਤੇ ਲਗਪਗ ਸੌ ਤੋਂ ਵੱਧ ਜ਼ਖਮੀ ਹੋਏ ਸਨ। ਇਹ ਲੋਕ ਰੇਲ ਪਟੜੀਆਂ ਨੇੜੇ ਦਸਹਿਰਾ ਸਮਾਗਮ ਦੇਖਣ ਲਈ ਪੁੱਜੇ ਸਨ। ਭੀੜ ਹੋਣ ਕਾਰਨ ਇਹ ਲੋਕ ਰੇਲ ਪਟੜੀਆਂ ’ਤੇ ਆ ਗਏ। ਇਸ ਦੌਰਾਨ ਜਲੰਧਰ ਤੋਂ ਅੰਮ੍ਰਿਤਸਰ ਆਈ ਡੀਐੱਮਯੂ ਰੇਲ ਗੱਡੀ ਨੇ ਰੇਲ ਪਟੜੀਆਂ ’ਤੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ ਸੀ। ਉਸ ਵੇਲੇ ਸੂਬਾ ਸਰਕਾਰ ਵਲੋਂ ਰੇਲ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਵਿੱਚੋਂ ਇੱਕ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਅਤੇ ਕੇਂਦਰ ਸਰਕਾਰ ਵੱਲੋਂ ਵੀ ਦੋ ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਗਿਆ ਸੀ ਪਰ ਨੌਕਰੀ ਅਜੇ ਤਕ ਨਹੀਂ ਮਿਲੀ।

ਇਸ ਰੇਲ ਹਾਦਸੇ ਦੇ ਪੀੜਤ ਦੀਪਕ ਕੁਮਾਰ ਦੇ ਪਿਤਾ ਗੁਰਿੰਦਰ ਕੁਮਾਰ ਤੇ ਚਾਚਾ ਇਸ ਘਟਨਾ ਵਿਚ ਮਾਰੇ ਗਏ ਸਨ। ਉਸ ਦੇ ਪਿਤਾ ਫਲਾਂ ਦੀ ਰੇਹੜੀ ਲਾਉਂਦੇ ਸਨ। ਉਸ ਵੇਲੇ ਉਹ ਪੜ੍ਹਾਈ ਕਰ ਰਿਹਾ ਸੀ। ਹੁਣ ਦੀਪਕ ਦੀ ਮਾਂ ਲੋਕਾਂ ਦੇ ਕੱਪੜਿਆਂ ਦੀ ਸਿਲਾਈ ਕਰ ਕੇ ਪਰਿਵਾਰ ਦਾ ਪੇਟ ਪਾਲ ਰਹੀ ਹੈ। ਦੀਪਕ ਦਾ ਇਕ ਛੋਟਾ ਭਰਾ ਅਤੇ ਛੋਟੀ ਭੈਣ ਵੀ ਹੈ। ਉਸ ਨੇ ਦੱਸਿਆ ਕਿ ਪਿਛਲੇ ਵਰ੍ਹੇ ਕਈ ਦਿਨ ਰੇਲ ਪਟੜੀਆਂ ਨੇੜੇ ਧਰਨਾ ਦਿੱਤਾ ਸੀ ਤਾਂ ਸਰਕਾਰ ਵਲੋਂ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਹਿਲਾਂ ਸ਼ਨਾਖ਼ਤ ਕਰਾਉਣ ਦੀ ਲੰਬੀ ਪ੍ਰਕਿਰਿਆ ਚੱਲੀ। ਪੀੜਤ ਪਰਿਵਾਰਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਜਲਦੀ ਨੌਕਰੀ ਦੇਵੇ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਖੋਜਕਰਤਾ ਸਰਬਜੀਤ ਸਿੰਘ ਵੇਰਕਾ ਨੇ ਆਖਿਆ ਕਿ ਜਥੇਬੰਦੀ ਵੱਲੋਂ ਪੀੜਤ ਪਰਿਵਾਰਾਂ ਲਈ ਨਿਆਂ ਪ੍ਰਾਪਤ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਲਗਾਤਾਰ ਯਤਨ ਜਾਰੀ ਹਨ। ਪੀੜਤ ਪਰਿਵਾਰਾਂ ਵਲੋਂ ਘਟਨਾ ਦੀ ਦੂਜੀ ਬਰਸੀ ਮੌਕੇ ਭਲਕੇ 18 ਅਕਤੂਬਰ ਨੂੰ ਸ਼ਾਮ ਵੇਲੇ ਜੌੜਾ ਫਾਟਕ ’ਤੇ ਕੈਂਡਲ ਮਾਰਚ ਵੀ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਰੇਲ ਹਾਦਸੇ ਤੋਂ ਬਾਅਦ ਕਾਂਗਰਸੀ ਮੰਤਰੀ ਵਜੋਂ ਨਵਜੋਤ ਸਿੰਘ ਸਿੱਧੂ ਨੇ ਪੀੜਤ ਪਰਿਵਾਰਾਂ ਨੂੰ ਰਾਸ਼ਨ ਦੇਣ, ਪੈਨਸ਼ਨ ਦੇਣ ਅਤੇ ਬੱਚਿਆਂ ਦੀ ਸਕੂਲ ਕਾਲਜ ਦੀ ਫੀਸ ਦੇਣ ਦੇ ਵਾਅਦੇ ਕੀਤੇ ਸਨ। ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਇਸ ਮਾਮਲੇ ਵਿਚ ਕਲੀਨ ਚਿਟ ਮਿਲਣ ਮਗਰੋਂ ਸਿੱਧੂ ਪਰਿਵਾਰ ਨੇ ਉਨ੍ਹਾਂ ਦੀ ਕਦੇ ਗੱਲ ਵੀ ਨਹੀਂ ਸੁਣੀ।


Related Articles

Leave a Reply

Your email address will not be published. Required fields are marked *

Back to top button

Adblock Detected

Please consider supporting us by disabling your ad blocker