ਪਰਵਾਸੀ ਕਹਾਣੀਆਂ

ਤਸਵੀਰਾਂ ਵੀ ਬੋਲਦੀਆਂ

ਹਰਪ੍ਰੀਤ ਬਰਾੜ ਸਿੱਧੂ

ਉਦੋਂ ਮੈਂ ਅੱਠ ਕੁ ਵਰ੍ਹਿਆਂ ਦਾ ਅਤੇ ਨਿੱਕੀ ਛੇ ਕੁ ਵਰ੍ਹਿਆਂ ਦੀ ਸੀ, ਜਦੋਂ ਬਾਅ (ਪਿਤਾ ਜੀ) ਸਾਡਾ ਸਾਥ ਛੱਡ ਕੇ ਚਲੇ ਗਏ ਸਨ। ਇੱਕ ਦਿਨ ਖੇਤ ਗਏ, ਫਿਰ ਕਦੇ ਮੁੜੇ ਹੀ ਨਾ। ਬੀਬੀ ਉੱਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਬਾਪੂ (ਦਾਦਾ) ਪਹਿਲਾਂ ਹੀ ਮੰਜੇ ਉੱਤੇ ਬੈਠਾ ਸੀ, ਤਾਇਆ ਅੱਡ ਸੀ ਅਤੇ ਮੈਂ ਨਿਆਣਾ। ਖੇਤੀਬਾੜੀ ਦਾ ਸਾਰਾ ਕੰਮ ਬੀਬੀ ਅਤੇ ਸੀਰੀ ਦੇ ਸਿਰ ਆ ਗਿਆ। ਬੀਬੀ ਨੇ ਸਾਰਾ ਘਰ ਸਾਂਭ ਲਿਆ ਸੀ ਅਤੇ ਸਾਨੂੰ ਵੀ।

ਬਾਅ ਸਾਨੂੰ ਛੱਡ ਭਾਵੇਂ ਗਏ ਸਨ, ਪਰ ਬੀਬੀ ਨੇ ਉਨ੍ਹਾਂ ਨੂੰ ਸਾਡੀਆਂ ਜ਼ਿੰਦਗੀਆਂ ਵਿੱਚੋਂ ਕਦੇ ਵੀ ਮਨਫੀ ਨਾ ਹੋਣ ਦਿੱਤਾ। ਬਾਅ ਦੀ ਪੱਗ ਉਂਜ ਹੀ ਬੱਝੀ ਬਝਾਈ ਅੰਗੀਠੀ ਉੱਤੇ ਪਈ ਸੀ। ਅੰਗੀਠੀ ਉੱਤੇ ਬਾਅ ਦੀ ਫੋਟੋ ਅਤੇ ਕਿੱਲੀ ਉੱਤੇ ਟੰਗਿਆ ਬਾਅ ਦਾ ਕੁੜਤਾ ਸਭ ਪਹਿਲਾਂ ਦੀ ਤਰ੍ਹਾਂ ਹੀ ਸਨ। ਬੀਬੀ ਸਾਰੇ ਪੈਸੇ-ਧੇਲੇ ਬਾਅ ਦੀ ਫੋਟੋ ਪਿੱਛੇ ਰੱਖਣ ਲੱਗ ਪਈ। ਬੀਬੀ ਹਰ ਗੱਲ ਇੰਜ ਕਰਦੀ ਜਿਵੇਂ ਬਾਅ ਸਾਡੇ ਨਾਲ ਹੀ ਹੋਣ। ਜਦੋਂ ਕਦੇ ਅਸੀਂ ਪੈਸੇ ਮੰਗਣੇ ਬੀਬੀ ਦਾ ਇੱਕ ਹੀ ਜਵਾਬ ਹੁੰਦਾ, “ਜਾਹ ਆਵਦੇ ਬਾਅ ਕੋਲੋਂ ਲੈ ਲਵੋ” ਅਤੇ ਸਾਨੂੰ ਪਤਾ ਹੁੰਦਾ ਕਿ ਫੋਟੋ ਪਿੱਛੋਂ ਲੈਣੇ ਹਨ। ਪਤਾ ਨਹੀਂ ਬੀਬੀ ਅਜਿਹਾ ਮੋਹ ਵੱਸ ਕਰਦੀ ਜਾਂ ਕੋਈ ਹੋਰ ਵੀ ਕਾਰਨ ਸੀ।

ਸਾਲ ਬੀਤਦੇ ਗਏ, ਪਰ ਕੁਝ ਨਾ ਬਦਲਿਆ। ਬੀਬੀ ਅੱਜ ਵੀ ਕਿਤੇ ਜਾਣ-ਆਉਣ ਲੱਗੀ ਬਾਅ ਨੂੰ ਦੱਸ ਕੇ ਹੀ ਜਾਂਦੀ। ਸਾਨੂੰ ਵੀ ਇੰਜ ਲੱਗਦਾ ਜਿਵੇਂ ਬਾਅ ਗੱਲਾਂ ਕਰਦੇ ਸਾਡੇ ਨਾਲ ਹੀ ਹੋਣ।

ਮੈਂ ਹੁਣ ਸ਼ਹਿਰ ਕਾਲਜ ਪੜ੍ਹਨ ਲੱਗ ਪਿਆ ਸੀ। ਸ਼ਹਿਰ ਦੀ ਆਬੋ ਹਵਾ ਅਤੇ ਨਵੇਂ ਯਾਰਾਂ ਮਿੱਤਰਾਂ ਨੇ ਪਿੰਡ ਭੁਲਾ ਦਿੱਤਾ ਸੀ। ਮੈਂ ਪਿੰਡ ਘੱਟ ਵੱਧ ਹੀ ਜਾਂਦਾ। ਹੌਲੀ ਹੌਲੀ ਮੈਂ ਯਾਰਾਂ ਨਾਲ ਰਲ ਸ਼ਰਾਬ ਵੀ ਪੀਣ ਲੱਗ ਗਿਆ। ਪੈਸੇ ਛੇਤੀ ਮੁੱਕਣ ਲੱਗ ਪਏ। ਉਹ ਸਾਰੇ ਝੂਠ ਬੋਲ ਕੇ ਘਰੋਂ ਪੈਸੇ ਵੱਧ ਲੈ ਕੇ ਆਉਂਦੇ। ਇਸ ਵਾਰ ਮੇਰੀ ਵਾਰੀ ਲਾ ਦਿੱਤੀ। ਮੈਂ ਮੂੰਹ ਹਨੇਰੇ ਜਿਹੇ ਪਿੰਡ ਵੜਿਆ। ਸਵੇਰ ਹੁੰਦੇ ਹੀ ਮੈਂ ਬੀਬੀ ਕੋਲ ਬਹਾਨਾ ਲਾ ਕੇ ਵੱਧ ਪੈਸੇ ਮੰਗ ਲਏ। ਬੀਬੀ ਨੇ ਬਿਨਾਂ ਕੋਈ ਸਵਾਲ ਕੀਤੇ ਮੈਨੂੰ ਬਾਅ ਕੋਲੋਂ ਪੈਸੇ ਲੈ ਲੈਣ ਨੂੰ ਕਹਿ ਦਿੱਤਾ।

ਅੱਜ ਬਾਅ ਦੀ ਫੋਟੋ ਵੱਲ ਤੱਕਣ ਦੀ ਮੇਰੀ ਹਿੰਮਤ ਨਹੀਂ ਹੋ ਰਹੀ ਸੀ। ਇੰਜ ਲੱਗਾ ਜਿਵੇਂ ਬਾਅ ਮੈਨੂੰ ਲਾਹਣਤਾਂ ਪਾ ਰਹੇ ਹੋਣ। ਮੇਰੇ ਅੰਦਰ ਕਾਬਾਂ ਛਿੜ ਗਿਆ ਸੀ ਅਤੇ ਹੱਥ ਪੈਰ ਜਿਵੇਂ ਆਕੜ ਗਏ ਸਨ। ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਚੋਅ ਗਏ। ਮੈਂ ਹੱਥ ਜੋੜ ਗੁਨਾਹਗਾਰ ਬਣ ਬਾਅ ਅੱਗੇ ਖੜ੍ਹਾ ਸੀ। ਉਹ ਦਿਨ ਗਿਆ ਅਤੇ ਮੈਂ ਮਾੜੀ ਸੰਗਤ ਤੋਂ ਕੋਹਾਂ ਦੀ ਦੂਰੀ ਬਣਾ ਲਈ। ਅੱਜ ਮੈਂ ਆਪ ਪੋਤੇ-ਪੋਤੀਆਂ ਵਾਲਾ ਹੋ ਗਿਆ ਹਾਂ, ਪਰ ਬਾਅ ਅੱਜ ਉਵੇਂ ਹੀ ਮੇਰੇ ਨਾਲ ਹਨ।

ਕੌਣ ਕਹਿੰਦਾ ਕਿ ਤਸਵੀਰਾਂ ਨਹੀਂ ਬੋਲਦੀਆਂ। ਕਈ ਵਾਰ ਤਸਵੀਰਾਂ ਹੀ ਜ਼ਿੰਦਗੀ ਦੇ ਰਹੱਸ ਸੁਲਝਾ ਦਿੰਦੀਆਂ ਹਨ।

ਈ-ਮੇਲ: [email protected]


ਬਾਬਾ ਜੀ ਦੀਆਂ ਪੁੜੀਆਂ

ਸੁਖਦੇਵ ਸਿੰਘ ਸ਼ਾਂਤ

ਦਾਦੀ ਜੀ ਬਿਮਾਰ ਸਨ। ਉਨ੍ਹਾਂ ਨੂੰ ਬੁਖਾਰ ਅਤੇ ਖੰਘ ਸੀ। ਬੁਖਾਰ ਉਤਰ ਹੀ ਨਹੀਂ ਰਿਹਾ ਸੀ। ਡਾਕਟਰ ਨੇ ਦੱਸਿਆ ਕਿ ਕੁਝ ਦਿਨ ਇਨ੍ਹਾਂ ਨੂੰ ਲਗਾਤਾਰ ਦਵਾਈ ਖਾਣੀ ਪਏਗੀ।

ਦਾਦੀ ਜੀ ਨੇ ਦਵਾਈ ਦੀਆਂ ਗੋਲੀਆਂ ਜ਼ਿੰਦਗੀ ਵਿੱਚ ਘੱਟ ਹੀ ਖਾਧੀਆਂ ਸਨ। ਇਹ ਗੋਲੀਆਂ ਦਾਦੀ ਜੀ ਦੇ ਗਲੇ ਵਿੱਚ ਹੀ ਅੜ ਜਾਂਦੀਆਂ ਸਨ।

ਦਾਦੀ ਜੀ ਨੇ ਮੈਨੂੰ ਕਿਹਾ, “ਮੈਨੂੰ ਬੋਹੜ ਵਾਲੇ ਬਾਬਾ ਜੀ ਕੋਲ ਲੈ ਕੇ ਚੱਲੋ। ਉਨ੍ਹਾਂ ਦੀ ਤਾਂ ਇੱਕ ਪੁੜੀ ਨਾਲ ਈ ਵੱਡੇ-ਵੱਡੇ ਰੋਗ ਦੂਰ ਹੋ ਜਾਂਦੇ ਨੇ। ਉਹ ਪੁੜੀ ਤੇ ਕੋਈ ਮੰਤਰ ਪੜ੍ਹ ਕੇ ਦਿੰਦੇ ਨੇ। ਉਹ ਮੰਤਰ ਫਿਰ ਜਾਦੂ ਵਾਲਾ ਕੰਮ ਕਰਦੈ। ਦੁੱਖ ਸਾਰੇ ਛਾਈਂ-ਮਾਈਂ ਹੋ ਜਾਂਦੇ ਨੇ।”

ਮੈਂ ਉਦੋਂ ਦਸਵੀਂ ਵਿੱਚ ਸਾਂ। ਮੈਨੂੰ ਇਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਸੀ। ਸਾਡੇ ਅਧਿਆਪਕ ਸਾਨੂੰ ਅੰਧ-ਵਿਸ਼ਵਾਸ ਦੀਆਂ ਗੱਲਾਂ ਤੋਂ ਵਰਜਦੇ ਰਹਿੰਦੇ ਸਨ।

ਮੇਰੇ ਮਾਤਾ ਜੀ ਨੇ ਕੋਲੋਂ ਕਹਿ ਦਿੱਤਾ, “ਬੀਜੀ ਤੁਸੀਂ ਇਸ ਹਾਲਤ ਵਿੱਚ ਕਿੱਥੇ ਜਾਉਗੇ? ਸੁਖਵੰਤ ਈ ਜਾ ਕੇ ਬਾਬਾ ਜੀ ਤੋਂ ਪੁੜੀਆਂ ਲੈ ਆਵੇਗਾ।”

ਦਾਦੀ ਜੀ ਮੰਨ ਗਏ। ਮੈਂ ਆਪਣੇ ਦੋਸਤ ਜਸਬੀਰ ਨੂੰ ਨਾਲ ਲੈ ਲਿਆ। ਮੈਂ ਦਾਦੀ ਜੀ ਦੀਆਂ ਗੋਲੀਆਂ ਵੀ ਨਾਲ ਲੈ ਲਈਆਂ ਤਾਂ ਕਿ ਬਾਬਾ ਜੀ ਨੂੰ ਦਿਖਾ ਸਕਾਂ। ਜਸਬੀਰ ਨੇ ਮੈਨੂੰ ਇੱਕ ਸਕੀਮ ਸਮਝਾਈ। ਉਸ ਨੇ ਕਿਹਾ, “ਇਸ ਤਰੀਕੇ ਨਾਲ ਦਾਦੀ ਜੀ ਦਾ ਵਿਸ਼ਵਾਸ ਵੀ ਬਣਿਆ ਰਹੇਗਾ ਤੇ ਉਹ ਠੀਕ ਵੀ ਹੋ ਜਾਣਗੇ।”

ਅਸੀਂ ਵਾਪਸ ਆ ਕੇ ਦਾਦੀ ਜੀ ਨੂੰ ਕੁਝ ਪੁੜੀਆਂ ਦੇ ਕੇ ਕਿਹਾ ,”ਆਹ ਲਓ ਦਾਦੀ ਜੀ ਬਾਬਾ ਜੀ ਦੀਆਂ ਪੁੜੀਆਂ|”

ਸੱਚਮੁੱਚ ਹੀ ਚਾਰ ਦਿਨ ਪੁੜੀਆਂ ਖਾਣ ਨਾਲ ਦਾਦੀ ਜੀ ਨੌਂ-ਬਰ-ਨੌਂ ਹੋ ਗਏ। ਉਹ ਤੁਰਨ-ਫਿਰਨ ਲੱਗ ਪਏ। ਘਰ ਦੇ ਕੰਮ ਵੀ ਕਰਨ ਲੱਗ ਪਏ। ਦਾਦੀ ਜੀ ਨੇ ਮੈਨੂੰ ਕਿਹਾ, “ਦੇਖਿਆ ਸੁਖਵੰਤ, ਬਾਬਾ ਜੀ ਦੀਆਂ ਪੁੜੀਆਂ ਦਾ ਅਸਰ। ਕੌੜੀਆਂ ਗੋਲੀਆਂ ਤਾਂ ਚੰਦਰੀਆਂ ਮੇਰੇ ਗਲ ਵਿੱਚ ਈ ਫਸ ਜਾਂਦੀਆਂ ਸਨ। ਸਾਰਾ ਦਿਨ ਮੈਂ ਔਖੀ ਰਹਿੰਦੀ ਸਾਂ। ਇਹ ਤਾਂ ਬਾਬਾ ਜੀ ਦੀ ਕਰਾਮਾਤ ਹੋਈ ਐ।”

ਮੈਂ ਦਾਦੀ ਜੀ ਨੂੰ ਦੱਸਿਆ, “ਮੈਂ ਤਾਂ ਬਾਬਾ ਜੀ ਕੋਲ ਗਿਆ ਈ ਨਹੀਂ। ਤੁਸੀਂ ਜਿਹੜੀਆਂ ਪੁੜੀਆਂ ਖਾਧੀਆਂ ਹਨ ਉਹ ਡਾਕਟਰ ਵਾਲੀਆਂ ਗੋਲੀਆਂ ਹੀ ਸਨ। ਮੈਂ ਤੇ ਜਸਬੀਰ ਨੇ ਇਨ੍ਹਾਂ ਦੀ ਦਵਾਈ ਪੀਹ ਕੇ ਪੁੜੀਆਂ ਬਣਾ ਦਿੱਤੀਆਂ ਸਨ।”

ਦਾਦੀ ਜੀ ਹੱਸ ਕੇ ਕਹਿਣ ਲੱਗੇ, “ਤਾਹੀਉਂ ਮੈਂ ਸੋਚਦੀ ਸਾਂ ਬਾਬਾ ਜੀ ਦੀ ਪੁੜੀ ਏਨੀ ਕੌੜੀ ਕਦੇ ਨਹੀਂ ਹੁੰਦੀ। ਇਸ ਵਾਰ ਇਹ ਕੌੜੀਆਂ ਕਿਉਂ ਨੇ? ਤੂੰ ਬੜਾ ਚਲਾਕ ਏਂ, ਪਰ ਤੂੰ ਸਿਆਣਾ ਵੀ ਏਂ।”

ਦਾਦੀ ਜੀ ਠੀਕ ਵੀ ਹੋ ਗਏ ਸਨ ਤੇ ਉਨ੍ਹਾਂ ਦਾ ਅੰਧ-ਵਿਸ਼ਵਾਸ ਵੀ ਮਿਟ ਗਿਆ ਸੀ।

ਸੰਪਰਕ: 001-317-406-0002

Leave a Reply