ਪੰਜਾਬੀ

ਬਲਾਚੌਰ-ਰੋਪੜ ਮਾਰਗ ’ਤੇ ਦੋ ਸੜਕ ਹਾਦਸੇ, ਛੇ ਮੌਤਾਂ

ਗੁਰਦੇਵ ਸਿੰਘ ਗਹੂੰਣ
ਬਲਾਚੌਰ, 18 ਅਕਤੂਬਰ

ਬਲਾਚੌਰ-ਰੋਪੜ ਕੌਮੀ ਮਾਰਗ ’ਤੇ ਹੋਏ ਦੋ ਸੜਕ ਹਾਦਸਿਆਂ ਵਿਚ ਛੇ ਮੌਤਾਂ ਹੋ ਗਈਆਂ ਹਨ। ਭਰਥਲਾ ਨੇੜੇ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋਈ ਗਈ ਜਦਕਿ ਰੈਲਮਾਜਰਾ ਨੇੜੇ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ (ਕਰੀਬ 2 ਵਜੇ) ਟਰੱਕ ਅਤੇ ਕਰੇਟਾ ਕਾਰ ਦੀ ਟੱਕਰ ’ਚ ਤਿੰਨ ਮੌਤਾਂ ਹੋ ਗਈਆਂ ਤੇ 2 ਹੋਰ ਜ਼ਖ਼ਮੀ ਹੋ ਗਏ। ਵੇਰਵਿਆਂ ਮੁਤਾਬਕ ਸ਼ਨਿਚਰਵਾਰ ਰਾਤ ਨਿਖਿਲ ਕੁਮਾਰ (16) ਵਾਸੀ ਜੀਓਵਾਲ ਬੱਛੂਆਂ, ਸੰਜੀਵ ਕੁਮਾਰ (18) ਤੇ ਹਰਵਿੰਦਰ ਹਨੀ (19) ਵਾਸੀ ਮਾਜਰਾ ਜੱਟਾਂ (ਸ਼ਹੀਦ ਭਗਤ ਸਿੰਘ ਨਗਰ) ਇੱਕੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਲਾਚੌਰ ਤੋਂ ਰੋਪੜ ਵੱਲ ਨੂੰ ਜਾ ਰਹੇ ਸਨ। ਇਸੇ ਦੌਰਾਨ ਬੱਸ ਅੱਡਾ ਕਿਸ਼ਨਪੁਰ-ਭਰਥਲਾ ਨੇੜੇ ਸੜਕ ’ਤੇ ਬਣੇ ਡਿਵਾਈਡਰ ਕੋਲੋਂ ਸੜਕ ਪਾਰ ਕਰਦਿਆਂ ਉਨ੍ਹਾਂ ਦਾ ਮੋਟਰਸਾਈਕਲ ਪੌਪਲਰ ਨਾਲ ਭਰੇ ਟਰੈਕਟਰ-ਟਰਾਲੀ ਨਾਲ ਟਕਰਾ ਗਿਆ। ਮੌਕੇ ’ਤੇ ਪਹੁੰਚੀ ਪੁਲੀਸ ਨੇ ਲੋਕਾਂ ਦੀ ਮਦਦ ਨਾਲ ਤਿੰਨਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਰੋਪੜ ਪਹੁੰਚਾਇਆ। ਉੱਥੇ ਡਾਕਟਰਾਂ ਨੇ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕਾਠਗੜ੍ਹ ਪੁਲੀਸ ਅਨੁਸਾਰ ਨੌੌਜਵਾਨਾਂ ਦੀਆਂ ਦੇਹਾਂ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਦੂਜੇ ਹਾਦਸੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਕਰੇਟਾ ਸਵਾਰ ਅੰਕਿਤ ਗਾਂਧੀ ਵਾਸੀ ਰਾਣੀਪੁਰ (ਪਠਾਨਕੋਟ), ਅੰਕੁਸ਼ ਪਠਾਨੀਆ ਵਾਸੀ ਬੰਬੋਵਾਲ (ਹੁਸ਼ਿਆਰਪੁਰ), ਮਨਪ੍ਰੀਤ ਸਿੰਘ ਵਾਸੀ ਰਾਣੀਪੁਰ (ਪਠਾਨਕੋਟ), ਜੀਤ ਸਿੰਘ ਗੋਪੀ ਵਾਸੀ ਬੰਬੋਵਾਲ (ਹੁਸ਼ਿਆਰਪੁਰ) ਤੇ ਅਮਰਦੀਪ ਸੰਧੂ ਵਾਸੀ ਬੜੋਈ (ਪਠਾਨਕੋਟ) ਪੰਜ ਦੋਸਤ ਕਰੇਟਾ ਕਾਰ ’ਚ ਸਵਾਰ ਹੋ ਕੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਦੇਣ ਪਠਾਨਕੋਟ ਤੋਂ ਚੰਡੀਗੜ੍ਹ ਆ ਰਹੇ ਸਨ ਕਿ ਰਿਆਤ ਕਾਲਜ, ਰੈਲਮਾਜਰਾ ਨੇੜੇ ਪਹੁੰਚਣ ’ਤੇ ਅੱਗੇ ਜਾ ਰਹੇ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ। ਅੰਕਿਤ ਗਾਂਧੀ, ਜੀਤ ਸਿੰਘ ਅਤੇ ਅਮਰਦੀਪ ਸੰਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅੰਕੁਸ਼ ਪਠਾਨੀਆ ਅਤੇ ਮਨਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਰੋਪੜ ਤੇ ਮਗਰੋਂ ਸੈਕਟਰ-16 ਚੰਡੀਗੜ੍ਹ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਪੁਲੀਸ ਨੇ ਅੰਕੁਸ਼ ਪਠਾਨੀਆ ਦੇ ਬਿਆਨਾਂ ਦੇ ਅਧਾਰ ’ਤੇ ਟਰੱਕ ਚਾਲਕ ਪਰਮਜੀਤ ਸਿੰਘ ਵਾਸੀ ਹੰਦੋਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੇਹਾਂ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

 

 

 


Related Articles

Leave a Reply

Your email address will not be published. Required fields are marked *

Back to top button

Adblock Detected

Please consider supporting us by disabling your ad blocker