ਮੋਟਰਸਾਈਕਲ ਚੋਰ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

ਪੱਤਰ ਪ੍ਰੇਰਕ

ਯਮੁਨਾਨਗਰ, 18 ਦਸੰਬਰ

ਪੁਲੀਸ ਸੁਪਰਡੈਂਟ ਕਮਲਦੀਪ ਗੋਇਲ ਦੇ ਬੁਲਾਰੇ ਚਮਕੌਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀ ਇੱਕ ਸਪੈਸ਼ਲ ਟੀਮ ਨੇ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਚੋਰੀ ਦੇ 16 ਮੋਟਰਸਾਈਕਲ ਬਰਾਮਦ ਹੋਏ। ਟੀਮ ਇੰਚਾਰਜ ਰਾਜੇਸ਼ ਰਾਣਾ ਨੇ ਦੱਸਿਆ ਕਿ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਅੱਗਰਸੈਨ ਚੌਕ ’ਤੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਘੁੰਮ ਰਹੇ ਹਨ, ਜਿਸ ’ਤੇ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਮੌਕੇ ’ਤੇ ਭੱਜ ਰਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਵਿਸ਼ੇਸ਼ ਟੀਮ ਵਿੱਚ ਉਪ ਇੰਸਪੈਕਟਰ ਮੱਖਣ ਸਿੰਘ, ਏਐੱਸਆਈ ਇਮਤਿਆਜ਼ ਅਲੀ, ਮੋਕਮ ਸਿੰਘ, ਸੁਖਦੇਵ ਸਿੰਘ, ਵਿਪਨ, ਵਿਨੋਦ, ਕੁਲਦੀਪ ਅਤੇ ਸੁਰਿੰਦਰ ਸ਼ਾਮਲ ਸਨ। ਮੁਲਜ਼ਮਾਂ ਦੀ ਪਛਾਣ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਰਾਣੀ ਮਾਜਰਾ ਵਾਸੀ ਸੁਖਜੀਤ ਉਰਫ ਮਾਨਾ ਅਤੇ ਵਿਕਰਮ ਉਰਫ ਵਿੱਕੁ ਦੇ ਰੂਪ ਵਿੱਚ ਹੋਈ ਹੈ। ਮੁਲਜ਼ਮਾਂ ਤੋਂ ਬਰਾਮਦ ਕੀਤੇ ਮੋਟਰਸਾਈਕਲ 22 ਨਵੰਬਰ ਨੂੰ ਅੰਬਾਲਾ ਦੇ ਪੰਜੋਖੜਾ ਤੋਂ ਚੋਰੀ ਕੀਤੇ ਗਏ ਸਨ ਅਤੇ ਬਰਾਮਦ ਕੀਤੇ ਹੋਰ ਮੋਟਰਸਾਈਕਲ ਅੰਬਾਲਾ, ਯਮੁਨਾਨਗਰ, ਪੰਚਕੁੂਲਾ ਅਤੇ ਪੰਜਾਬ ਦੇ ਹਨ। ਮੁਲਜ਼ਮਾਂ ਨੇ ਮੁੱਢਲੀ ਪੁੱਛ ਗਿੱਛ ਵਿੱਚ ਮੰਨਿਆ ਕਿ ਉਹ ਮਾਸਟਰ ਚਾਬੀ ਨਾਲ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ ਕੁਝ ਦੂਰੀ ’ਤੇ ਜਾ ਕੇ ਨੰਬਰ ਪਲੇਟ ਲਾਹ ਕੇ ਸੁੱਟ ਦਿੰਦੇ ਸਨ। ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਮੋਟਰਸਾਈਕਲਾਂ ਦੇ ਚਾਸੀ ਨੰਬਰਾਂ ਨੂੰ ਵੀ ਮਿਟਾ ਦਿੰਦੇ ਸਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

Leave a Reply