ਮੋਤੀ ਮਹਿਲ ਕੋਲ ਪੁੱਜੇ ਅਧਿਆਪਕਾਂ ਨਾਲ ਪੁਲੀਸ ਵੱਲੋਂ ਖਿੱਚ-ਧੂਹ


ਸਰਬਜੀਤ ਸਿੰਘ ਭੰਗੂ 

ਪਟਿਆਲਾ, 17 ਸਤੰਬਰ  

ਮੰਗਾਂ ਦੀ ਪੂਰਤੀ ਲਈ 101 ਦਿਨ ਤੋਂ ਇੱਥੇ ਜੇਲ੍ਹ ਰੋਡ ’ਤੇ ਪੱਕਾ ਮੋਰਚਾ  ਲੈ ਕੇ ਬੈਠੇ ਨੈਸ਼ਨਲ ਸਕਿਲਡ ਕੁਆਲੀਫਾਈਡ ਫਰੇਮਵਰਕ ਅਧਿਆਪਕ ਅੱਜ   ਯੂਨੀਅਨ  ਦੇ ਪ੍ਰਧਾਨ ਰਾਇਸਾਹਿਬ ਸਿੰਘ ਸਿੱਧੂ ਦੀ ਅਗਵਾਈ ਹੇਠ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਮੁੱਖ ਗੇਟ ਅੱਗੇ ਜਾ ਪਹੁੰਚੇ। ਅਧਿਆਪਕਾਂ  ਨੇ ਇਹ ਐਕਸ਼ਨ ਗੁਪਤ ਰੱਖਿਆ ਸੀ। ਮੁੱਖ ਗੇਟ ’ਤੇ ਪੱਕੇ ਤੌਰ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਇਨ੍ਹਾਂ  ਅਧਿਆਪਕਾਂ  ਨੂੰ ਮਹਿਲ ਅੰਦਰ ਦਾਖਲ ਹੋਣ ਤੋਂ ਰੋਕੀ ਰੱਖਿਆ ਅਤੇ ਮਗਰੋਂ ਸੂਚਨਾ ਮਿਲਣ ’ਤੇ ਬਾਕੀ ਪੁਲੀਸ ਮੁਲਾਜ਼ਮ ਵੀ ਉੱਥੇ ਪਹੁੰਚ ਗਏ। ਇਸ ਦੌਰਾਨ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਕਾਫੀ ਖਿੱਚ-ਧੂਹ ਹੋਈ। ਪੁਲੀਸ ਨੇ ਗੇਟ ਨੇੜੇ ਪੁੱਜੇ ਅਧਿਆਪਕਾਂ ਨੂੰ ਚੁੱਕ-ਚੁੱਕ ਕੇ ਬੱਸਾਂ ’ਚ ਸੁੱਟਿਆ। ਪੁਲੀਸ ਨੇ ਬਹੁਤੇ ਅਧਿਆਪਕਾਂ ਨੂੰ ਤਾਂ ਬੱਸ ਭਰ ਕੇ ਇਨ੍ਹਾਂ ਦੇ ਪੱਕੇ  ਮੋਰਚੇ ਵਾਲੇ ਕੈਂਪ ਵਿੱਚ ਛੱਡ ਦਿੱਤਾ ਪਰ  ਸੂਬਾ ਪ੍ਰਧਾਨ ਸਮੇਤ 25 ਦੇ ਕਰੀਬ ਅਧਿਆਪਕ ਆਗੂਆਂ ਨੂੰ ਇੱਕ ਚੌਕੀ ਵਿੱਚ ਲਿਜਾਇਆ ਗਿਆ ਅਤੇ ਕੁਝ ਘੰਟਿਆਂ ਮਗਰੋਂ ਉਨ੍ਹਾਂ ਨੂੰ ਵੀ ਛੱਡ ਦਿੱਤਾ ਗਿਆ। ਮੋਤੀ ਮਹਿਲ ਦੇ ਗੇਟ ਪੁੱਜਣ ਵਾਲੀਆਂ ਕਈ ਮਹਿਲਾਵਾਂ ਨੇ ਪੁਲੀਸ ’ਤੇ ਉਨ੍ਹਾਂ ਦੀਆਂ ਚੁੰਨੀਆਂ ਅਤੇ ਕੱਪੜੇ ਪਾੜਨ ਦੇ ਦੋਸ਼ ਲਾਏ। ਇੱਕ ਮਹਿਲਾ ਅਧਿਆਪਕਾ ਨੇ ਦੱਸਿਆ ਕਿ ਪੁਲੀਸ ਨੇ ਉਸ ਦੇ ਪੇਟ ਅਤੇ ਵੱਖੀਆਂ ਵਿੱਚ ਡੰਡੇ ਮਾਰੇ। ਪੁਲੀਸ ਦੀ ਅੱਜ ਦੀ ਕਾਰਵਾਈ ਖ਼ਿਲਾਫ਼ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਇਨ੍ਹਾਂ ਅਧਿਆਪਕਾਂ  ਨੇ ਅੱਜ  ਸ਼ਾਮ ਇੱਥੇ ਫੁਹਾਰਾ ਚੌਕ ਅਤੇ ਠੀਕਰੀਵਾਲਾ ਚੌਕ ’ਚ ਵੀ ਰੋਸ ਪ੍ਰਦਰਸ਼ਨ ਕੀਤਾ। 

ਮੁਲਾਜ਼ਮਾਂ ਦੇ ਵਾਰਸ ਪਾਵਰਕੌਮ ਦਫ਼ਤਰ ਦੀ ਛੱਤ ’ਤੇ ਚੜ੍ਹੇ

ਪਟਿਆਲਾ: ਪਾਵਰਕੌਮ ਅਤੇ ਟਰਾਂਸਕੋ (ਪਹਿਲਾਂ ਬਿਜਲੀ ਬੋਰਡ)  ਵਿੱਚ ਨੌਕਰੀ ਦੌਰਾਨ ਫੌਤ ਹੋਏ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਨੌਕਰੀਆਂ ਦੀ ਮੰਗ ਲਈ ਅੱਜ ਇੱਥੇ ਮਾਲ ਰੋਡ ਸਥਿਤ ਪਾਵਰਕੌਮ ਦੀ ਇਮਾਰਤ ਦੀ ਛੱਤ ’ਤੇ ਜਾ ਚੜ੍ਹੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਇੱਕ ਨੁਕਾਤੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਉਹ ਹੇਠਾਂ ਨਹੀਂ ਉੱਤਰਨਗੇ। ਛੱਤ ’ਤੇ ਚੜ੍ਹੇ ਵਿਜੈ ਕੁਮਾਰ, ਰਾਮ ਕਰਨ, ਕਵਿਤਾ, ਅਮਰਦੀਪ ਕੌਰ, ਨਿਰਮਲਾ ਦੇਵੀ, ਰਾਜਵਿੰਦਰ ਸਿੰਘ, ਬਲਵਿੰਦਰ  ਸਿੰਘ,  ਕਰਨ ਸਿੰਘ, ਸੁਖਦਰਸ਼ਨ  ਸਿੰਘ ਅਤੇ ਜਗਸੀਰ ਸਿੰਘ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਪ੍ਰਦਰਸ਼ਨਕਾਰੀਆਂ ਦੀ ਪਾਵਰਕੌਮ ਦੇ ਇੱਕ ਅਧਿਕਾਰੀ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਸੀ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਮੁਲਾਜ਼ਮਾਂ ਦੇ ਕਈ ਵਾਰਸਾਂ ਨੂੰ ਨਿਰਧਾਰਤ ਕੀਤੀ ਗਈ ਰਾਸ਼ੀ ਅਦਾਰੇ ਵੱਲੋਂ ਅਦਾ ਕਰ ਦਿੱਤੀ ਗਈ ਸੀ। ਇਸ ਮਗਰੋਂ  ਨੌਕਰੀ ਮੰਗਣ ਦੀ  ਕੋਈ  ਤੁਕ ਨਹੀਂ  ਰਹਿ ਜਾਂਦੀ। ਜੇ ਸਬੰਧਤ ਪਰਿਵਾਰਕ ਮੈਂਬਰ ਫੰਡ ਵਾਪਸ ਕਰ ਦੇਣ  ਤਾਂ ਨੌਕਰੀ ਬਾਰੇ ਵਿਚਾਰਿਆ ਜਾ ਸਕਦਾ ਹੈ। 


Leave a Reply