ਸਮਾਜਵਾਦੀ ਪਾਰਟੀ ਆਗੂਆਂ ਦੇ ਟਿਕਾਣਿਆਂ ਉਤੇ ਆਮਦਨ ਕਰ ਵਿਭਾਗ ਦੇ ਛਾਪੇ

ਨਵੀਂ ਦਿੱਲੀ, 18 ਦਸੰਬਰ

ਆਮਦਨ ਕਰ ਵਿਭਾਗ ਨੇ ਅੱਜ ਸਮਾਜਵਾਦੀ ਪਾਰਟੀ ਦੇ ਆਗੂਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਛਾਪੇ ਕੌਮੀ ਸਕੱਤਰ ਅਤੇ ਤਰਜਮਾਨ ਰਾਜੀਵ ਰਾਏ, ਆਰਸੀਐੱਲ ਗਰੁੱਪ ਪ੍ਰਮੋਟਰ ਮਨੋਜ ਯਾਦਵ ਤੇ ਜੈਨੇਂਦਰ ਯਾਦਵ ਦੇ ਟਿਕਾਣਿਆਂ ’ਤੇ ਮਾਰੇ ਗਏ ਹਨ। ਮਊ (ਯੂਪੀ) ’ਚ ਰਾਜੀਵ ਰਾਏ ਦੇ ਟਿਕਾਣਿਆਂ ’ਤੇ ਛਾਪੇ ਦੌਰਾਨ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਆਗੂ ਨੇ ਕਥਿਤ ਤੌਰ ’ਤੇ ਫ਼ਰਜ਼ੀ ਕੰਪਨੀਆਂ ਬਣਾਈਆਂ ਹੋਈਆਂ ਸਨ ਜੋ ਕਾਲੇ ਧਨ ਨੂੰ ਸਫ਼ੈਦ ਬਣਾਉਣ ਲਈ ਵਰਤੀਆਂ ਜਾਂਦੀਆਂ ਸਨ। ਰਾਏ ਦੀ ਰਿਹਾਇਸ਼ ਦੇ ਬਾਹਰ ਸਥਾਨਕ ਪੁਲੀਸ ਤਾਇਨਾਤ ਕੀਤੀ ਗਈ ਸੀ। ਜਿਵੇਂ ਹੀ ਛਾਪੇ ਮਾਰਨ ਦੀ ਖ਼ਬਰ ਫੈਲੀ ਤਾਂ ਸਮਾਜਵਾਦੀ ਪਾਰਟੀ ਵਰਕਰ ਅਤੇ ਆਗੂ ਉਸ ਦੇ ਘਰ ਬਾਹਰ ਇਕੱਤਰ ਹੋ ਗਏ ਅਤੇ ਪੁਲੀਸ ਨੂੰ ਮਾਹੌਲ ਸ਼ਾਂਤਮਈ ਰੱਖਣ ਲਈ ਮੁਸ਼ੱਕਤ ਕਰਨੀ ਪਈ। ਆਈਟੀ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੀ ਇਕ ਹੋਰ ਟੀਮ ਨੇ ਹਰਿਆਣਾ ਵੀ ਭੇਜੀ ਕਿਉਂਕਿ ਆਗੂ ਦੇ ਉਥੇ ਵੀ ਟਿਕਾਣੇ ਹਨ। ਜਾਣਕਾਰੀ ਮੁਤਾਬਕ ਆਈਟੀ ਅਧਿਕਾਰੀਆਂ ਨੂੰ ਛਾਪਿਆਂ ’ਚ ਕੁਝ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਹਨ। -ਆਈਏਐਨਐਸ 

‘ਛਾਪਿਆਂ ਨਾਲ ‘ਸਾਈਕਲ’ ਦੀ ਰਫ਼ਤਾਰ ਹੌਲੀ ਨਹੀਂ ਪਏਗੀ’

ਪਾਰਟੀ ਆਗੂਆਂ ’ਤੇ ਛਾਪੇ ਮਾਰਨ ’ਤੇ ਸਵਾਲ ਉਠਾਉਂਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਵੀ ਕਾਂਗਰਸ ਦੇ ਰਾਹ ’ਤੇ ਪਈ ਹੋਈ ਹੈ। ਰਾਏ ਬਰੇਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ ਕਿ ਆਈਟੀ ਟੀਮ ਆ ਗਈ ਹੈ ਅਤੇ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਵੀ ਯੂਪੀ ’ਚ ਚੋਣਾਂ ਤੋਂ ਪਹਿਲਾਂ ਆਉਣਗੇ। ਉਨ੍ਹਾਂ ਦੋਸ਼ ਲਾਇਆ ਕਿ ਛਾਪੇ ਸਿਆਸੀ ਬਦਲਾਖੋਰੀ ਤਹਿਤ ਮਾਰੇ ਗਏ ਹਨ। ‘ਜੇਕਰ ਕਿਸੇ ਗੜਬੜੀ ਦੀ ਉਨ੍ਹਾਂ ਕੋਲ ਪਹਿਲਾਂ ਜਾਣਕਾਰੀ ਸੀ ਤਾਂ ਉਹ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੀ ਛਾਪੇ ਮਾਰਨ ਲਈ ਕਿਉਂ ਆਏ। ਇਥੋਂ ਪਤਾ ਲੱਗਦਾ ਹੈ ਕਿ ਈਡੀ ਅਤੇ ਸੀਬੀਆਈ ਵੀ ਚੋਣਾਂ ਲੜਨ ਲਈ ਸੂਬੇ ’ਚ ਆਉਣਗੀਆਂ।’ ਉਨ੍ਹਾਂ ਕਿਹਾ ਕਿ ਸਾਈਕਲ (ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ) ਦੀ ਰਫ਼ਤਾਰ ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨਾਲ ਹੌਲੀ ਨਹੀਂ ਪਏਗੀ। -ਪੀਟੀਆਈ 

Leave a Reply