ਸੜਕ ’ਤੇ ਭਰੇ ਮੀਂਹ ਦੇ ਪਾਣੀ ਨੇ ਉਲਝਾਈ ਲੋਕਾਂਂ ਦੀ ਤਾਣੀ


ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 15 ਸਤੰਬਰ

ਇੱਥੋਂ ਦੀ ਦੇਸੂ ਮਲਕਾਣਾ ਰੋਡ ’ਤੇ ਪੁਰਾਣਾ ਪਟਵਾਰ ਭਵਨ ਦੇ ਕੋਲ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਿੱਥੇ ਵਾਹਨ ਚਾਲਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ, ਉਥੇ ਹੀ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰੇਸ਼ਾਨੀ ਸਬੰਧੀ ਲੋਕਾਂ ਨੇ ਸਬੰਧਤ ਵਿਭਾਗ ਅਤੇ ਸਰਕਾਰ ਦੇ ਪ੍ਰਤੀ ਰੋਸ ਪ੍ਰਗਟ ਕੀਤਾ ਅਤੇ ਉਕਤ ਸਮੱਸਿਆ ਦਾ ਹੱਲ ਕਰਵਾਉਣ ਦੀ ਮੰਗ ਕੀਤੀ।

ਇਸ ਦੇ ਖੇਤਰ ਵਾਸੀ ਬਲਬੀਰ ਸਿੰਘ, ਜਗਜੀਤ ਸਿੰਘ, ਜਗਸੀਰ ਸਿੰਘ, ਮੰਦਰ ਸਿੰਘ, ਬਲਜੀਤ ਸਿੰਘ, ਅੰਗਰੇਜ਼ ਸਿੰਘ, ਬੁੱਧ ਰਾਮ, ਜਗਜੀਤ ਸਿੰਘ, ਬਲਦੇਵ ਸਿੰਘ, ਨੱਥਾ ਸਿੰਘ ਅਤੇ ਸੁਖਦੇਵ ਸਿੰਘ ਨੇ ਰੋਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਉਕਤ ਸੜਕ ਸ਼ਹਿਰ ਦਾ ਪ੍ਰਮੁੱਖ ਰਸਤਾ ਹੈ ਜੋ ਕਿ ਪੰਜਾਬ ਦੇ ਨਾਲ ਜੋੜਦਾ ਹੈ। ਇਸ ਤੋਂ ਇਲਾਵਾ ਉਕਤ ਰੋਡ ਉੱਤੇ ਇੱਕ ਨਿੱਜੀ ਸਕੂਲ ਸਮੇਤ ਸਰਕਾਰੀ ਸਕੂਲ ਵੀ ਹੈ। ਇਹੀ ਨਹੀਂ ਸਬ ਡਿਵੀਜ਼ਨ ਦਫ਼ਤਰ ਨੂੰ ਵੀ ਇਸ ਰੋਡ ਤੋਂ ਹੋ ਕੇ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਸਮੇਤ ਹੋਰ ਅਧਿਕਾਰੀ ਇਸ ਰੋਡ ਤੋਂ ਹੋਕੇ ਲੰਘਦੇ ਹਨ ਪਰ ਅੱਜ ਤੱਕ ਇਸ ਸਮੱਸਿਆ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਨਗਰ ਪਾਲਿਕਾ ਵੱਲੋਂ ਉਕਤ ਰੋਡ ਦੀ ਉਸਾਰੀ ਕੀਤੀ ਗਈ ਸੀ। ਉਸਾਰੀ ਦੌਰਾਨ ਨਗਰ ਪਾਲਿਕਾ ਵੱਲੋਂ ਸੜਕ ਦਾ ਕੁਝ ਹਿੱਸਾ ਛੱਡ ਦਿੱਤਾ ਗਿਆ ਸੀ, ਜਿਸ ਕਾਰਨ ਸੜਕ ਦੇ ਇੱਕ ਭਾਗ ਦਾ ਲੇਬਲ ਉੱਚਾ ਹੋ ਗਿਆ ਅਤੇ ਕੁਝ ਨੀਵਾਂ ਹੋ ਗਿਆ, ਜਿਸ ਕਾਰਨ ਮੀਂਹ ਸਮੇਂ ਹੇਠਾਂ ਵਾਲੀ ਸੜਕ ਉੱਤੇ ਬਰਸਾਤੀ ਪਾਣੀ ਕਈ-ਕਈ ਦਿਨਾਂ ਤੱਕ ਖੜ੍ਹਾ ਰਹਿੰਦਾ ਹੈ। ਐੱਸਡੀਐੱਮ ਉਦੇ ਸਿੰਘ ਨੇ ਕਿਹਾ ਕਿ ਉਹ ਪਤਾ ਕਰਕੇ ਕਿ ਉਕਤ ਖੇਤਰ ਕਿਸ ਵਿਭਾਗ ਦੇ ਅਧੀਨ ਪੈਂਦਾ ਹੈ, ਉਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੂੰ ਉਚਿਤ ਦਿਸ਼ਾ ਨਿਰਦੇਸ਼ ਜਾਰੀ ਕਰਨਗੇ।
Leave a Reply