ਹਾਕੀ ਇੰਡੀਆ ਨੂੰ ਵਿਦੇਸ਼ੀ ਖਾਤਿਆਂ ’ਚ ਪੈਸੇ ਟਰਾਂਸਫਰ ਕਰਨ ਦਾ ਉਦੇਸ਼ ਦੱਸਣ ਦੇ ਨਿਰਦੇਸ਼

ਨਵੀਂ ਦਿੱਲੀ: ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ ਹਾਕੀ ਇੰਡੀਆ (ਐੱਚਆਈ) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵਿਦੇਸ਼ੀ ਖਾਤਿਆਂ ਵਿੱਚ ਪੈਸਾ ਟਰਾਂਸਫਰ ਕਰਨ ਅਤੇ ਆਪਣੇ ਖਾਤਿਆਂ ਵਿੱਚੋਂ ਨਕਦੀ ਕਢਵਾਉਣ ਦੇ ਮਕਸਦ ਦਾ ਖੁਲਾਸਾ ਕਰੇ, ਕਿਉਂਕਿ ਫੈਡਰੇਸ਼ਨ ਨੇ ਵਪਾਰਕ ਜਾਣਕਾਰੀ ਗੁਪਤ ਰੱਖਣ ਦੇ ਆਧਾਰ ’ਤੇ ਇਹ ਜਾਣਕਾਰੀ ਲੁਕਾਈ ਸੀ। ਕਾਰਕੁਨ ਸੁਭਾਸ਼ ਅਗਰਵਾਲ ਨੇ 2019 ਵਿੱਚ 20 ਨੁਕਤਿਆਂ ਦੀ ਸੂਚਨਾ ਦਾ ਅਧਿਕਾਰ (ਆਰਟੀਆਈ) ਅਪੀਲ ਦਾਇਰ ਕਰਕੇ ਹਾਕੀ ਇੰਡੀਆ ਦੇ ਸੰਚਾਲਨ ਦੀ ਤਫ਼ਸੀਲ ਵਿੱਚ ਜਾਣਕਾਰੀ ਮੰਗੀ ਸੀ, ਜਿਸ ਵਿੱਚ ਬੈਂਕ ਖਾਤਿਆਂ ਵਿੱਚ ਦਸਤਖ਼ਤ ਕਰਨ ਵਾਲੇ ਅਤੇ ਉਨ੍ਹਾਂ ਦੇ ਅਹੁਦੇ, ਵਿਦੇਸ਼ੀ ਖਾਤਿਆਂ ਵਿੱਚ ਭੇਜੇ ਗੲੇ ਪੈਸੇ ਉਸ ਦੇ ਖਾਤਿਆਂ ਵਿੱਚ ਨਕਦੀ ਕਢਵਾਉਣ ਅਤੇ ਉਸ ਦਾ  ਉਦੇਸ਼ ਵੀ ਸ਼ਾਮਲ ਹੈ। ਹਾਕੀ ਇੰਡੀਆ ਨੇ ਇਸ ਆਧਾਰ ’ਤੇ ਇਹ ਜਾਣਕਾਰੀ ਦੇਣੋਂ ਨਾਂਹ ਕਰ ਦਿੱਤੀ ਸੀ ਕਿ ਆਰਟੀਆਈ ਕਾਨੂੰਨ ਦੀ ਧਾਰਾ 8(1)(ਡੀ) (ਵਪਾਰਕ ਜਾਣਕਾਰੀ ਗੁਪਤ ਰੱਖਣ ਸਬੰਧੀ) ਤਹਿਤ ਇਸ ਬਾਰੇ ਜਾਣਕਾਰੀ ਦੇਣ ਤੋਂ ਛੋਟ ਹੈ। ਅਗਰਵਾਲ ਨੇ ਇਸ ਮਗਰੋਂ ਹਾਕੀ ਇੰਡੀਆ ਦੇ ਜਵਾਬ ਨੂੰ ਚੁਣੌਤੀ ਦਿੰਦਿਆਂ ਸੀਆਈਸੀ ਕੋਲ ਪਹੁੰਚ ਕੀਤੀ ਸੀ, ਜੋ ਆਰਟੀਆਈ ਕਾਨੂੰਨ ਤਹਿਤ ਫੈਸਲਾ ਕਰਨ ਵਾਲੀ ਸਰਬਉੱਚ ਸੰਸਥਾ ਹੈ। ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਦਸਤਖ਼ਤ ਕਰਨ ਵਾਲੇ ਅਧਿਕਾਰੀਆਂ ਦੇ ਅਹੁਦੇ ਅਤੇ ਬੈਂਕ ਖਾਤਿਆਂ ਦਾ ਨਾਂ ਮੰਗਿਆ ਸੀ ਅਤੇ ਇੱਥੇ ਜਾਣਕਾਰੀ ਗੁਪਤ ਰੱਖਣ ਦਾ ਸਵਾਲ ਲਾਗੂ ਨਹੀਂ ਹੁੰਦਾ। ਸੁੂਚਨਾ ਕਮਿਸ਼ਨਰ ਅਮਿਤਾ ਪਾਂਡੋਵ ਨੇ ਕਿਹਾ, ‘‘ਇਸ ਲਈ ਉਹ (ਅਗਰਵਾਲ) ਪ੍ਰਮਾਣਿਤ ਸੂਚਨਾ ਲੈਣਾ ਚਾਹੁੰਦੇ ਹਨ ਅਤੇ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦੇਵੇ।’’ ਅਮਿਤਾ ਨੇ ਹਾਕੀ ਇੰਡੀਆ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਬੈਂਕ ਖਾਤਿਆਂ ਵਿੱਚ ਦਸਤਖ਼ਤ ਕਰਨ ਵਾਲੇ ਅਧਿਕਾਰੀਆਂ ਦੀ ਜਾਣਕਾਰੀ ਦੇਵੇ। ਉਨ੍ਹਾਂ ਨੇ ਨਾਲ ਹੀ ਫੈਡਰੇਸ਼ਨ ਨੂੰ ਨਿਰਦੇਸ਼ ਦਿੱਤਾ ਉਹ ਵਿਦੇਸ਼ਾਂ ਵਿੱਚ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਨ ਅਤੇ ਹਾਕੀ ਇੰਡੀਆ ਵੱਲੋਂ ਨਕਦੀ ਕਢਵਾਏ ਜਾਣ ਦਾ ਉਦੇਸ਼ ਵੀ ਦੱਸੇ। -ਪੀਟੀਆਈ  

Leave a Reply