ਕਰਨਾਲ: ਜ਼ਿਲ੍ਹੇ ਦੇ ਪਿੰਡ ਕੁਚਪੁਰਾ ਵਿੱਚ ਪਿਛਲੇ ਦਿਨੀਂ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਧਰਤੀ ਫਟ ਕੇ ਜ਼ਮੀਨ ਦਾ ਇੱਕ ਹਿੱਸਾ ਕਈ ਕਈ ਫੁੱਟ ਉੱਚਾ ਉੱਠ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਲੋਕ ਇਸ ਘਟਨਾ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ ਪਰ ਅਸਲ ਵਿੱਚ ਸੱਚਾਈ ਕੁਝ ਹੋਰ ਹੈ।

ਕੁਚਪੁਰਾ ਪਿੰਡ ਦੇ ਕਿਸਾਨ ਨਫੇ ਸਿੰਘ ਦੇ ਖੇਤ ਵਿੱਚ ਇਹ ਘਟਨਾ ਵਾਪਰੀ ਹੈ। ਜ਼ਮੀਨ ਨੂੰ ਅਚਾਨਕ ਉੱਪਰ ਉੱਠਦਿਆਂ ਦੇਖ ਕੋਈ ਵੀ ਹੈਰਾਨ ਹੋ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਹਿਮ ਭਰਮ ‘ਤੇ ਵਿਸ਼ਵਾਸ ਕਰ ਸਕਦਾ ਹੈ। ਲੋਕ ਘਟਨਾ ਨੂੰ ਦੇਖ ਇਹ ਕਹਿ ਰਹੇ ਸਨ ਕਿ ਇੱਥੇ ਹੁਣ ਭਗਵਾਨ ਪ੍ਰਗਟ ਹੋ ਰਹੇ ਹਨ, ਕੋਈ ਇਸ ਨੂੰ ਕੁਦਰਤੀ ਕਰਿਸ਼ਮਾ ਦੱਸ ਰਿਹਾ ਸੀ ਅਤੇ ਕੋਈ ਇਸ ਨੂੰ ਭੂਤ-ਪ੍ਰੇਤਾਂ ਨਾਲ ਜੋੜ ਰਿਹਾ ਸੀ। ਪਰ ਸੱਚਾਈ ਇਹ ਹੈ ਕਿ ਇਹ ਕੁਦਰਤ ਨਾਲ ਛੇੜਛਾੜ ਕਰਨ ਦਾ ਨਤੀਜਾ ਹੈ ਜੋ ਕਿਸਾਨ ਨੂੰ ਭੁਗਤਣਾ ਪੈਣਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਕਿਸਾਨ ਨਫੇ ਸਿੰਘ ਨੇ ਪਿਛਲੇ ਸਮੇਂ ਵਿੱਚ ਫ਼ਸਲ ਘੱਟ ਹੋਣ ਕਾਰਨ ਆਪਣੇ ਖੇਤ ਦੀ ਮਿੱਟੀ ਬਦਲਣ ਭਾਵ ਜ਼ਮੀਨ ਦੀ ਉੱਪਰਲੀ ਸਤ੍ਹਾ ਵੇਚਣ ਦਾ ਫੈਸਲਾ ਕੀਤਾ। ਕਿਸਾਨ ਨੇ ਤਕਰੀਬਨ 10 ਫੁੱਟ ਖੁਦਾਈ ਕਰਵਾ ਲਈ ਅਤੇ ਮਿੱਟੀ ਵੇਚ ਕੇ ਪੈਸੇ ਵੀ ਕਮਾਏ। ਪਰ ਤੈਅ ਮਾਪਦੰਡਾਂ ਤੋਂ ਵੱਧ ਖੁਦਾਈ ਕਰਨ ‘ਤੇ ਕਿਸਾਨ ਖ਼ਿਲਾਫ਼ ਨਾਜਾਇਜ਼ ਮਾਇਨਿੰਗ ਦਾ ਪਰਚਾ ਦਰਜ ਹੋ ਗਿਆ। ਕਿਸਾਨ ਨੇ ਆਪਣੀ ਗ਼ਲਤੀ ‘ਤੇ ‘ਮਿੱਟੀ’ ਪਾਉਣ ਲਈ ਰਾਖ਼ ਦੀ ਵਰਤੋਂ ਕੀਤੀ ਅਤੇ ਇਸ ਦੇ ਉੱਪਰ ਮਿੱਟੀ ਪਾ ਦਿੱਤੀ। ਇਸ ਤੋਂ ਪਹਿਲਾਂ ਮਿੱਟੀ ਤੇ ਰਾਖ਼ ਸਹੀ ਤਰ੍ਹਾਂ ਮਿਲਦੀਆਂ ਮੀਂਹ ਦਾ ਮੌਸਮ ਆ ਗਿਆ।

ਮਾਨਸੂਨ ਦੀ ਪਹਿਲੀ ਬਰਸਾਤ ਦਾ ਪਾਣੀ ਜਦੋਂ ਧਰਤੀ ਅੰਦਰ ਗਿਆ ਤਾਂ ਜ਼ਮੀਨ ਫਟ ਜਾਂਦੀ ਹੈ ਤੇ ਆਲੇ ਦੁਆਲੇ ਤੋਂ ਦੱਬ ਜਾਂਦੀ ਹੈ। ਇਸ ਨਾਲ ਇਹ ਜਾਪਦਾ ਹੈ ਕਿ ਜ਼ਮੀਨ ਉੱਪਰ ਉੱਠ ਰਹੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਪਰ ਕਿਸਾਨ ਨੂੰ ਕਾਨੂੰਨੀ ਤੇ ਕੁਦਰਤੀ ਮਾਰਾਂ ਦੇ ਨਾਲ-ਨਾਲ ਹੁਣ ਫਸਲ ਖਰਾਬੇ ਕਾਰਨ ਆਰਥਿਕ ਮਾਰ ਵੀ ਝੱਲਣੀ ਪੈ ਰਹੀ ਹੈ। 

LEAVE A REPLY

Please enter your comment!
Please enter your name here