ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 15 ਅਪਰੈਲ

ਥਾਣਾ ਬਾਬੈਨ ਦੇ ਪਿੰਡ ਗਜਲਾਣਾ ਵਿਚ ਬੀਤੀ ਰਾਤ ਜਗਦੀਸ਼ ਸਿੰਘ ਪੁੱਤਰ ਫਕੀਰ ਸਿੰਘ ਦੇ ਘਰ ਦੇ ਬਾਹਰ ਦੋ ਅਣਪਛਾਤੇ ਨੌਜਵਾਨ ਹਵਾ ਵਿੱਚ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਬਾਰੇ ਪਤਾ ਲੱਗਣ ’ਤੇ ਲੋਕ ਜਗਦੀਸ਼ ਸਿੰਘ ਦੇ ਘਰ ਅੱਗੇ ਇਕੱਠੇ ਹੋ ਗਏ ਤੇ ਪੁਲੀਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਬਾਬੈਨ ਦੇ ਇੰਚਾਰਜ ਦਿਨੇਸ਼ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਮੌਕੇ ’ਤੇ ਪੁੱਜ ਗਈ।

ਹਵਾਈ ਫਾਇਰਿੰਗ ਸੀਨ ਆਫ ਕਰਾਈਮ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੇ ਸਬੂਤ ਇੱਕਠੇ ਕੀਤੇ। ਪੁਲੀਸ ਨੇ ਮੌਕੇ ਤੋਂ ਪੰਜ ਗੋਲੀਆਂ ਦੇ ਖਾਲੀ ਖੋਲ ਬਰਾਮਦ ਕੀਤੇ। ਜਗਦੀਸ਼ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਤ ਨੂੰ ਕਰੀਬ 8:50 ਵਜੇ ਆਪਣੇ ਘਰ ਮੌਜੂਦ ਸੀ। ਉਦੋਂ ਹੀ ਉਨ੍ਹਾਂ ਦੇ ਘਰ ਦੇ ਗੇਟ ਅੱਗੇ ਮੋਟਰਸਾਈਕਲ ਰੁਕਣ ਦੀ ਆਵਾਜ਼ ਆਈ। ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਜਦੋਂ ਉਹ ਘਰੋਂ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੀ ਆਵਾਜ਼ ਕੇ ਉਹ ਤੁਰੰਤ ਅੰਦਰ ਚਲਾ ਗਿਆ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਕਿਸੇ ਨਾਲ ਲੜਾਈ ਨਹੀਂ ਤੇ ਨਾ ਹੀ ਕੋਈ ਦੁਸ਼ਮਣੀ ਹੈ। ਉਸ ਨੇ ਪੁਲੀਸ ਤੋਂ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ

ਥਾਣਾ ਇੰਚਾਰਜ ਨੇ ਦੱਸਿਆ ਕਿ ਜਗਦੀਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਉਨ੍ਹਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਤੇ ਮਾਮਲਾ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here