ਵਾਸ਼ਿੰਗਟਨ: ਅਮਰੀਕਾ ਦੀ ਇੱਕ ਪ੍ਰਾਈਵੇਟ ਕੰਪਨੀ ਨੇ ਚੰਦ ’ਤੇ ਪਹਿਲਾ ਵਪਾਰਕ ਸਪੇਸਕਰਾਫਟ ਉਤਾਰ ਕੇ ਇਤਿਹਾਸ ਰਚ ਦਿੱਤਾ ਅਤੇ ਉਹ 50 ਤੋਂ ਵੱਧ ਸਾਲ ’ਚ ਚੰਦ ’ਤੇ ਪਹੁੰਚਣ ਵਾਲਾ ਅਮਰੀਕਾ ਦਾ ਪਹਿਲਾ ਸਪੇਸਕਰਾਫਟ ਵੀ ਬਣ ਗਿਆ। ‘ਇੰਟੂਏਟਿਵ ਮਸ਼ੀਨਜ਼’ ਵੱਲੋਂ ਬਣਾਇਆ ਗਿਆ ਸਪੇਸਕਰਾਫਟ ‘ਓਡੀਸਸ’ ਵੀਰਵਾਰ ਸ਼ਾਮ ਨੂੰ ਚੰਦ ਦੀ ਸਤਹਿ ’ਤੇ ਉਤਰਿਆ ਅਤੇ ਇਸ ਦੇ ਨਾਲ ਹੀ ਉਹ 1972 ਵਿੱਚ ਅਪੋਲੋ 17 ਮਿਸ਼ਨ ਮਗਰੋਂ ਚੰਦ ’ਤੇ ਪਹੁੰਚਣ ਵਾਲਾ ਪਹਿਲਾ ਅਮਰੀਕੀ ਸਪੇਸਕਰਾਫਟ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਕਿਹਾ, ‘‘ਅੱਜ ਅੱਧੀ ਸਦੀ ਮਗਰੋਂ ਪਹਿਲੀ ਵਾਰ ਅਮਰੀਕਾ ਚੰਦ ’ਤੇ ਪਹੁੰਚਿਆ ਹੈ।’’ ਇਸ ਸਪੇਸਕਰਾਫਟ ਜ਼ਰੀਏ ਨਾਸਾ ਦੇ ਕਈ ਵਿਗਿਆਨਕ ਉਪਕਰਨ ਵੀ ਭੇਜੇ ਗਏ ਹਨ। ਉਡਾਣ ਨਿਰਦੇਸ਼ਕ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਟਿਮ ਕਰੇਨ ਨੇ ਕਿਹਾ, ‘‘ਅਸੀਂ ਬਿਨਾਂ ਸ਼ੱਕ ਇਹ ਪੁਸ਼ਟੀ ਕਰ ਸਕਦੇ ਹਾਂ ਕਿ ਸਾਡਾ ਉਪਕਰਨ ਚੰਦ ਦੀ ਸਤਹਿ ’ਤੇ ਅਤੇ ਸਾਡੇ ਸੰਪਰਕ ’ਚ ਹੈ।’’ ਐੱਨਸੀਬੀ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਕਿ ਪੁਲਾੜ ਵਾਹਨ ਦੀ ਲੈਂਡਿੰਗ ਦੌਰਾਨ ਮਿਸ਼ਨ ਕੰਟਰੋਲਰ ਨਾਲ ਉਸ ਦਾ ਸੰਪਰਕ ਟੁੱਟ ਗਿਆ ਅਤੇ ਉਮੀਦ ਹੈ ਕਿ ਸੰਪਰਕ ਮੁੜ ਸਥਾਪਤ ਹੋਵੇਗਾ। ਕੰਪਨੀ ‘ਇੰਟੂਏਟਿਵ ਮਸ਼ੀਨਜ਼’ ਨੇ ਇਸ ਇਤਿਹਾਸਕ ਉਪਲਬਧੀ ਦੀ ਜਾਣਕਾਰੀ ਦਿੰਦਿਆਂ ਕਿਹਾ, ‘‘ਸੰਚਾਰ ਵਿੱਚ ਦਿੱਕਤ ਨੂੰ ਦੂਰ ਕਰਨ ਮਗਰੋਂ ਫਲਾਈਟ ਕੰਟਰੋਲਰਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਓਡੀਸਸ ਠੀਕ ਹੈ ਅਤੇ ਅੰਕੜੇ ਭੇਜਣੇ ਸ਼ੁਰੂ ਕਰ ਰਿਹਾ ਹੈ। ਫਿਲਹਾਲ ਅਸੀਂ ਚੰਦ ਦੀ ਸਤਹਿ ਤੋਂ ਭੇਜੀ ਗਈ ਪਹਿਲੀ ਤਸਵੀਰ ਨੂੰ ਡਾਊੁਨਲਿੰਕ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ।’’ -ਪੀਟੀਆਈ

LEAVE A REPLY

Please enter your comment!
Please enter your name here