ਬੰਗਲੂਰੂ, 15 ਅਪਰੈਲ

ਟਰੈਵਿਸ ਹੈੱਡ ਦੇ ਤੇਜ਼ਤਰਾਰ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਮੈਚ ਮੇਜ਼ਬਾਨ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਨੂੰ 25 ਦੌੜਾਂ ਨਾਲ ਹਰਾ ਦਿੱਤਾ। ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਦੇ ਨੁਕਸਾਨ ਨਾਲ 287 ਦੌੜਾਂ ਬਣਾਈਆਂ। ਹੈੱਡ ਨੇ 41 ਗੇਂਦਾਂ ਦਾ ਸਾਹਮਣਾ ਕਰਦਿਆਂ ਸੈਂਕੜਾ (102 ਦੌੜਾਂ) ਜੜਿਆ। ਉਸ ਨੇ ਆਪਣੀ ਪਾਰੀ ਦੌਰਾਨ ਨੌਂ ਚੌਕੇ ਤੇ ਅੱਠ ਛੱਕੇ ਜੜੇ। ਹੈੱਡ ਨੂੰ ਐਨਰਿਕ ਕਲਾਸਨ (67 ਦੌੜਾਂ) ਦਾ ਚੰਗਾ ਸਾਥ ਮਿਲਿਆ। ਹੋਰਨਾਂ ਬੱਲੇਬਾਜ਼ਾਂ ਵਿੱਚ ਅਭਿਸ਼ੇਕ ਸ਼ਰਮਾ ਨੇ 34 ਦੌੜਾਂ, ਏਡਨ ਮਾਰਕਰਾਮ ਨੇ ਨਾਬਾਦ 32 ਦੌੜਾਂ ਤੇ ਅਬਦੁਲ ਸਮਾਦ ਨੇ ਨਾਬਾਦ 37 ਦੌੜਾਂ ਬਣਾਈਆਂ। ਆਰਸੀਬੀ ਲਈ ਐੱਲ. ਫਰਗੂਸਨ ਨੇ ਦੋ ਤੇ ਆਰ ਟੋਪਲੇ ਨੇ ਇੱਕ ਵਿਕਟ ਹਾਸਲ ਕੀਤੀ। ਜਿੱਤ ਲਈ ਮਿਲੇ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰੌਇਲ ਚੈਲੇਂਜਰਜ਼ ਦੀ ਟੀਮ ਸੱਤ ਵਿਕਟਾਂ ਦੇ ਨੁਕਸਾਨ ਨਾਲ 262 ਦੌੜਾਂ ਹੀ ਬਣਾ ਸਕੀ। ਵਿਰਾਟ ਕੋਹਲੀ (42 ਦੌੜਾਂ) ਤੇ ਕਪਤਾਨ ਫਾਫ ਡੂਪਲੈਸਿਸ (62 ਦੌੜਾਂ) ਨੇ ਟੀਮ ਨੂੰ ਤੇਜ਼ਤਰਾਰ ਸ਼ੁਰੂਆਤ ਦਿਵਾਈ। ਦੋਵਾਂ ਨੇ 6.2 ਓਵਰਾਂ ਵਿਚ 80 ਦੌੜਾਂ ਦੀ ਭਾਈਵਾਲੀ ਕੀਤੀ। ਦੋਵਾਂ ਨੇ 200 ਤੋਂ ਵੱਧ ਦੀ ਦੌੜ ਔਸਤ ਨਾਲ ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ ਨੇ ਤੇਜ਼ਤਰਾਰ ਪਾਰੀ ਖੇਡਦਿਆਂ 35 ਗੇਂਦਾਂ ਵਿੱਚ 83 ਦੌੜਾਂ ਬਣਾਈਆਂ ਉਸ ਨੇ ਪੰਜ ਚੌਕੇ ਤੇ ਸੱਤ ਛੱਕੇ ਜੜੇ। ਸਨਰਾਈਜ਼ਰਜ਼ ਲਈ ਪੈਟ ਕਮਿਨਸ ਨੇ ਤਿੰਨ, ਮਯੰਕ ਮਾਰਕੰਡੇ ਨੇ ਦੋ ਅਤੇ ਟੀ. ਨਟਰਾਜਨ ਨੇ ਇੱਕ ਵਿਕਟ ਹਾਸਲ ਕੀਤੀ। -ਪੀਟੀਆਈ

LEAVE A REPLY

Please enter your comment!
Please enter your name here