ਪੱਤਰ ਪ੍ਰੇਰਕ

ਨਵੀਂ ਦਿੱਲੀ, 21 ਫਰਵਰੀ

ਪੱਛਮੀ ਬੰਗਾਲ ਵਿੱਚ ਭਾਜਪਾ ਆਗੂ ਵੱਲੋਂ ਇੱਕ ਆਈਪੀਐੱਸ ਅਫ਼ਸਰ ਨੂੰ ਖਾਲਿਸਤਾਨੀ ਕਹਿਣ ਦਾ ਮਾਮਲਾ ਭਖ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਮੌਕੇ ਦੇ ਆਈਪੀਐੱਸ ਅਫ਼ਸਰ ਜਸਪ੍ਰੀਤ ਸਿੰਘ ਨੂੰ ਭਾਜਪਾ ਵਰਕਰਾਂ ਵੱਲੋਂ ਖਾਲਿਸਤਾਨੀ ਕਹਿਣਾ ਤੇ ਉਸ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰਨਾ ਇਹ ਸਾਬਤ ਕਰਦਾ ਹੈ ਕਿ ਇਸ ਮੁਲਕ ਵਿੱਚ ਸਿੱਖਾਂ ਨੂੰ ਗਿਣੇ ਮਿਥੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਪਣੀ ਬਣਦੀ ਕਾਨੂੰਨੀ ਡਿਊਟੀ ਨਿਭਾ ਰਹੇ ਇੱਕ ਅਧਿਕਾਰੀ ਦੀ ਆਪਣੇ ਫ਼ਰਜ਼ਾਂ ਪ੍ਰਤੀ ਇਮਾਨਦਾਰੀ ਭਾਜਪਾ ਵਰਕਰਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਤੇ ਇਸ ਲਈ ਉਨ੍ਹਾਂ ਉਸਦੇ ਨਾਲ ਦੁਰਵਿਵਹਾਰ ਕੀਤਾ। ਇਹ ਵੀ ਸਾਬਤ ਹੋ ਰਿਹਾ ਹੈ ਕਿ ਇਸ ਦੇਸ਼ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਲਈ ਆਪਣੇ ਫਰਜ਼ਾਂ ਨੂੰ ਨਿਭਾਉਣਾ ਕਿੰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਿਸੇ ਕੋਲੋਂ ਆਪਣੀ ਦੇਸ਼ ਭਗਤੀ ਸਾਬਤ ਕਰਨ ਲਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਅੱਜ ਪੂਰੇ ਮੁਲਕ ਵਿੱਚ ਸਿੱਖਾਂ ਖ਼ਿਲਾਫ਼ ਬਣਾਇਆ ਜਾ ਰਿਹਾ ਹੈ, ਉਸ ਤੋਂ ਇੱਕ ਗੱਲ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਸ ਵਿੱਚ ਇਕੱਲੇ ਸਿੱਖਾਂ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨੁਕਸਾਨ ਹੈ।

ਮਨਜਿੰਦਰ ਸਿਰਸਾ ਖ਼ਿਲਾਫ਼ ਸਿੱਖਾਂ ’ਚ ਰੋਸ

ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਈਪੀਐੱਸ ਅਧਿਕਾਰੀ ਨੂੰ ਹੀ ਨਸੀਹਤ ਦੇਣ ਤੋਂ ਦਿੱਲੀ ਦੇ ਸਿੱਖਾਂ ਵਿਚ ਭਾਰੀ ਰੋਸ ਹੈ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਈ ਸਥਾਨਕ ਸਿੱਖਾਂ ਨੇ ਸਿਰਸਾ ਨੂੰ ਸਲਾਹ ਦਿੱਤੀ ਕਿ ਸਿਰਫ਼ ਭਾਜਪਾ ਆਗੂਆਂ ਦੀਆਂ ਨਜ਼ਰਾਂ ਵਿਚ ਟਿਕੇ ਰਹਿਣ ਖਾਤਰ ਬੇਲੋੜੇ ਬਿਆਨਾਂ ਤੋਂ ਬਚਿਆ ਜਾਵੇ। ਸੋਸ਼ਲ ਮੀਡੀਆ ਉਪਰ ਵੀ ਸ੍ਰੀ ਸਿਰਸਾ ਬਾਰੇ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੀ 2020-21 ਦੇ ਕਿਸਾਨ ਅੰਦੋਲਨ ਦੇ ਸੰਦਰਭ ਵਿਚ ਵੀ ਕੀਤੀਆਂ ਟਿਪਣੀਆਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਸਥਾਨਕ ਸਿੱਖਾਂ ਮੁਤਾਬਕ ਕਈ ਵਾਰ ਪਾਰਟੀ ਦੇ ਹਿੱਤਾਂ ਨਾਲੋਂ ਕੌਮ ਦੇ ਹਿੱਤ ਅਹਿਮ ਹੁੰਦੇ ਹਨ, ਚੰਗਾ ਹੋਵੇ ਉਹ ਸਿੱਖਾਂ ਦੇ ਰਹਿਦੇ ਮਸਲੇ ਹੱਲ ਕਰਵਾਉਣ।

ਸੁਵੇਂਦੂ ਅਧਿਕਾਰੀ ਖ਼ਿਲਾਫ਼ ਐੱਨਐੱਸਏ ਤਹਿਤ ਕਾਰਵਾਈ ਹੋਵੇ: ਜਰਨੈਲ ਸਿੰਘ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਭਾਜਪਾ ਤੋਂ ਮੰਗ ਕੀਤੀ ਹੈ ਕਿ ਪੱਛਮੀ ਬੰਗਾਲ ਵਿੱਚ ਇੱਕ ਸਿੱਖ ਆਈਪੀਐੱਸ ਅਧਿਕਾਰੀ ਨੂੰ ਖਾਲਿਸਤਾਨੀ ਕਹਿ ਕੇ ਬੇਇੱਜ਼ਤ ਕਰਨ ਵਾਲੇ ਸੁਵੇਂਦੂ ਅਧਿਕਾਰੀ ਨੂੰ ਪਾਰਟੀ ’ਚੋਂ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਐੱਨਐੱਸਏ ਤਹਿਤ ਕਾਰਵਾਈ ਕੀਤੀ ਜਾਵੇ। ‘ਆਪ’ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਸਿੱਖਾਂ ਨੂੰ ਨਫ਼ਰਤ ਕਰਦੀ ਹੈ ਅਤੇ ਇਸੇ ਲਈ ਉਹ ਸਿੱਖਾਂ ਨੂੰ ਖਾਲਿਸਤਾਨੀ ਕਰਾਰ ਦੇਣ ਦੀ ਕੋਸ਼ਿਸ਼ ਕਰਦੀ ਹੈ। ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਤੋਂ ਮੁਆਫ਼ੀ ਮੰਗੀ ਹੋਵੇ ਪਰ ਅੱਜ ਤੱਕ ਭਾਜਪਾ ਵਾਲਿਆਂ ਦੇ ਅੰਦਰੋਂ ਉਹ ਜ਼ਹਿਰ ਨਹੀਂ ਨਿਕਲਿਆ। ਉਨ੍ਹਾਂ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਹੋਰ ਭਾਜਪਾ ਸਿੱਖ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਜਪਾ ਦੇ ਸਿੱਖਾਂ ਪ੍ਰਤੀ ਰੁਖ ਤੋਂ ਚੌਕਸ ਰਹਿਣ। ਉਨ੍ਹਾਂ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਵੀ ਇਸ ਮਾਮਲੇ ਵਿਚ ਦਖਲ ਦੀ ਮੰਗ ਕੀਤੀ।

ਭਾਜਪਾ ਦੇਸ਼ ਤੋਂ ਮੁਆਫ਼ੀ ਮੰਗੇ: ‘ਆਪ’

ਆਮ ਆਦਮੀ ਪਾਰਟੀ ਨੇ ਕਿਹਾ ਕਿ ਦਸਤਾਰ ਦੇਸ਼ ਦੀ ਸੁਰੱਖਿਆ ਦੀ ਗਾਰੰਟੀ ਹੈ ਤੇ ਇੱਕ ਆਈਪੀਐੱਸ ਅਧਿਕਾਰੀ ਨੂੰ ਖਾਲਿਸਤਾਨੀ ਕਹਿਣ ’ਤੇ ਭਾਜਪਾ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ‘ਆਪ’ ਦਿੱਲੀ ਦੇ ਕਨਵੀਨਰ ਗੋਪਾਲ ਰਾਇ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਸਿੱਖ ਅਫਸਰ ਦਾ ਅਪਮਾਨ ਦਰਸਾਉਂਦਾ ਹੈ ਕਿ ਭਾਜਪਾ ਨੇਤਾਵਾਂ ਨੂੰ ਲੋਕਾਂ ਦੇ ਰੰਗ, ਧਰਮ ਅਤੇ ਜਾਤ ਪ੍ਰਤੀ ਕਿੰਨੀ ਨਫ਼ਰਤ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਸਰਦਾਰਾਂ ਦੇ ਘਰ ਹੋਇਆ, ਕਰਤਾਰ ਸਿੰਘ ਸਰਾਭਾ ਜਵਾਨੀ ਵਿੱਚ ਹੀ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸੂਚੀ ਵਿੱਚ ਪੰਜਾਬੀ ਸਿਖਰ ’ਤੇ ਹਨ ਪਰ ਭਾਜਪਾ ਉਨ੍ਹਾਂ ਨੂੰ ਗੱਦਾਰ ਕਹਿ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇਤਾਵਾਂ ਨੇ ਆਈਪੀਐੱਸ ਅਫ਼ਸਰ ਨੂੰ ਖਾਲਿਸਤਾਨੀ ਕਿਹਾ ਕਿਉਂਕਿ ਉਹ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਅਤੇ ਪੱਗ ਬੰਨ੍ਹਦਾ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਆਗੂ ਹਰ ਕਿਸੇ ਨੂੰ ਗੱਦਾਰ, ਅਤਿਵਾਦੀ, ਖਾਲਿਸਤਾਨੀ, ਨਕਸਲੀ ਦੇ ਸਰਟੀਫਿਕੇਟ ਵੰਡਦੇ ਫਿਰ ਰਹੇ ਹਨ।

LEAVE A REPLY

Please enter your comment!
Please enter your name here