ਪੱਤਰ ਪ੍ਰੇਰਕ

ਮੁਕੇਰੀਆਂ, 3 ਅਪਰੈਲ

ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ‘ਆਪ’ ਵੱਲੋਂ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਡਾ. ਰਾਜ ਕੁਮਾਰ ਚੱਬੇਵਾਲ ਨੂੰ ਤੇ ਬਸਪਾ ਵਲੋਂ ਰਾਕੇਸ਼ ਸੁਮਨ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਬਾਰੇ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਧਾਕੜ ਅਫਸਰ ਵਜੋਂ ਮਸ਼ਹੂਰ ਹੋਏ ਸਾਬਕਾ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਅਤੇ ਭਾਜਪਾ ਵਲੋਂ ‘ਆਪ’ ਦੇ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਦੇ ਨਾਵਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਉਂਝ ਭਾਜਪਾ ਵਲੋਂ ਸਾਬਕਾ ਲੋਕ ਸਭਾ ਮੈਂਬਰ ਵਿਜੇ ਸਾਂਪਲਾ ਬਾਰੇ ਵੀ ਚਰਚਾ ਚੱਲ ਰਹੀ ਹੈ। ਕਾਂਗਰਸ ਵਲੋਂ ਹਾਲੇ ਕੋਈ ਨਾਂ ਉੱਭਰ ਕੇ ਸਾਹਮਣੇ ਨਹੀਂ ਆ ਰਿਹਾ ਪਰ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਆਪਣੇ ਪਰਿਵਾਰਕ ਮੈਂਬਰ ਲਈ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਹਨ।

ਬੀਤੇ ਦਿਨ ‘ਆਪ’ ਵਲੋਂ ਕਾਂਗਰਸ ਤੋਂ ਦੋ ਵਾਰ ਵਿਧਾਇਕ ਰਹੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਲੋਕ ਸਭਾ ਹਲਕੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਉਹ ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਸਨ ਅਤੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੋਲੋਂ ਹਾਰ ਗਏ ਸਨ। ਉਹ ਕੁਝ ਦਿਨ ਪਹਿਲਾਂ ਹੀ ‘ਆਪ’ ਵਿੱਚ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਨੇ ਰੀਅਲ ਅਸਟੇਟ ਕਾਰੋਬਾਰੀ ਰਾਕੇਸ਼ ਸੁਮਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਉਹ ਜ਼ਿਲ੍ਹੇ ਦੇ ਪਿੰਡ ਪੰਡੋਰੀ ਬਾਵਾ ਦਾਸ ਦੇ ਵਸਨੀਕ ਹਨ ਅਤੇ 1996 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਕਰਨ ਉਪਰੰਤ ਮੁਹਾਲੀ ਵਿੱਚ ਹੀ ਰੀਅਲ ਅਸਟੇਟ ਕਾਰੋਬਾਰ ਨਾਲ ਜੁੜ ਗਏ ਸਨ। ਸ਼੍ਰੋਮਣੀ ਅਕਾਲੀ ਦਲ(ਬ) ਵਲੋਂ ਪਿਛਲੇ ਸਮੇਂ ਅੰਦਰ ਸਾਬਕਾ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ। ਉਹ ਹੇਠਲੇ ਪੱਧਰ ’ਤੇ ਪਾਰਟੀ ਕਾਰਕੁਨਾਂ ਨੂੰ ਵੀ ਮਿਲ ਰਹੇ ਹਨ ਅਤੇ ਪਾਰਟੀ ਦੇ ਪੁਰਾਣੇ ਆਗੂਆਂ ਨਾਲ ਵੀ ਰਾਬਤਾ ਕਰ ਰਹੇ ਹਨ। ਡਾ. ਲਖਵੀਰ ਸਿੰਘ ਦੀ ਸਿਹਤ ਵਿਭਾਗ ਅੰਦਰ ਲੰਬੀ ਸੇਵਾ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੀ ਸਬੰਧਤ ਰਹੀ ਹੈ।

LEAVE A REPLY

Please enter your comment!
Please enter your name here