ਰਾਫ਼ਾਹ, 12 ਫਰਵਰੀ

ਇਜ਼ਰਾਇਲੀ ਫ਼ੌਜ ਨੇ ਗਾਜ਼ਾ ਪੱਟੀ ਦੇ ਦੱਖਣ ’ਚ ਇਕ ਅਪਾਰਟਮੈਂਟ ਅੰਦਰ ਨਾਟਕੀ ਢੰਗ ਨਾਲ ਦਾਖ਼ਲ ਹੋ ਕੇ ਦੋ ਬੰਧਕਾਂ ਨੂੰ ਬਚਾਅ ਲਿਆ। ਫ਼ੌਜੀ ਕਾਰਵਾਈ ਦੌਰਾਨ 67 ਫਲਸਤੀਨੀ ਮਾਰੇ ਗਏ। ਰਾਫ਼ਾਹ ’ਚ ਇਕ ਅਪਾਰਟਮੈਂਟ ਨੇੜਲੇ ਇਲਾਕੇ ’ਚ ਛਾਪੇ ਦੌਰਾਨ ਭਾਰੀ ਹਵਾਈ ਹਮਲੇ ਵੀ ਕੀਤੇ ਗਏ। ਦੋ ਬੰਧਕਾਂ ਨੂੰ ਛੁਡਾਏ ਜਾਣ ਨਾਲ ਫ਼ੌਜ ਦਾ ਮਨੋਬਲ ਉੱਚਾ ਹੋਇਆ ਹੈ ਕਿਉਂਕਿ ਉਹ ਜੰਗ ਦੌਰਾਨ ਇਸ ਨੂੰ ਆਪਣੀ ਵੱਡੀ ਜਿੱਤ ਮੰਨ ਰਹੇ ਹਨ ਜਦਕਿ 100 ਤੋਂ ਵਧ ਬੰਧਕ ਅਜੇ ਵੀ ਹਮਾਸ ਦੇ ਕਬਜ਼ੇ ’ਚ ਹਨ। ਬਚਾਏ ਗਏ ਵਿਅਕਤੀਆਂ ਦੀ ਪਛਾਣ ਫਰਨੈਂਡੋ ਸਿਮੋਨ ਮਾਰਮਾਨ (60) ਅਤੇ ਲੂਈਸ ਹਾਰ (70) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋਹਾਂ ਕੋਲ ਅਰਜਨਟੀਨਾ ਦੀ ਨਾਗਰਿਕਤਾ ਵੀ ਹੈ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਵਿਸ਼ੇਸ਼ ਬਲ ਰਾਫ਼ਾਹ ਦੇ ਇਕ ਅਪਾਰਟਮੈਂਟ ਦੀ ਦੂਜੀ ਮੰਜ਼ਿਲ ’ਤੇ ਸੋਮਵਾਰ ਤੜਕੇ 1:49 ਵਜੇ ਦਾਖ਼ਲ ਹੋਏ ਅਤੇ ਇਕ ਮਿੰਟ ਬਾਅਦ ਹੀ ਆਲੇ-ਦੁਆਲੇ ਦੇ ਇਲਾਕਿਆਂ ’ਚ ਹਵਾਈ ਹਮਲੇ ਸ਼ੁਰੂ ਹੋ ਗਏ। ਉਨ੍ਹਾਂ ਕਿਹਾ ਕਿ ਬੰਧਕਾਂ ਦੀ ਹਥਿਆਰਬੰਦ ਹਮਾਸ ਅਤਿਵਾਦੀ ਰਾਖੀ ਕਰ ਰਹੇ ਸਨ। ਦੋਹਾਂ ਨੂੰ ਸੁਰੱਖਿਅਤ ਇਲਾਕੇ ’ਚ ਲਿਜਾਇਆ ਗਿਆ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਨੂੰ ਪੰਜ ਮਹੀਨੇ ਹੋ ਗਏ ਹਨ ਅਤੇ ਸਾਰੇ ਬੰਧਕਾਂ ਦੀ ਰਿਹਾਈ ਨਾ ਹੋਣ ਕਾਰਨ ਯਹੂਦੀ ਮੁਲਕ ਦੀ ਰਣਨੀਤੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜ਼ੋਰ ਪਾ ਰਹੇ ਹਨ ਕਿ ਫ਼ੌਜ ਦੇ ਲਗਾਤਾਰ ਪੈ ਰਹੇ ਦਬਾਅ ਕਾਰਨ ਬੰਧਕਾਂ ਦੀ ਆਜ਼ਾਦੀ ਦਾ ਰਾਹ ਪੱਧਰਾ ਹੋਵੇਗਾ। -ਏਪੀ

LEAVE A REPLY

Please enter your comment!
Please enter your name here