ਪਟਨਾ, 20 ਫਰਵਰੀ

ਬਿਹਾਰ ਵਿੱਚ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਅੱਜ ਚੋਣ ਕਮਿਸ਼ਨ ਨੂੰ ‘ਨਿਰਪੱਖ ਚੋਣਾਂ ਯਕੀਨੀ ਬਣਾਉਣ’ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਬਜਾਏ ‘ਪਰਚੀ ਨਾਲ ਵੋਟਾਂ’ ਪੁਆਉਣ ਦੇ ਪੁਰਾਣੇ ਤਰੀਕੇ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਨੇ ਇਹ ਅਪੀਲ ਇੱਥੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਹੇਠਲੇ ਚੋਣ ਕਮਿਸ਼ਨ ਦੇ ਵਫ਼ਦ ਨੂੰ ਕੀਤੀ, ਜਿਹੜਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਲਈ ਸੂਬੇ ਦੇ ਤਿੰਨ ਰੋਜ਼ਾ ਦੌਰੇ ’ਤੇ ਹੈ। ਪਾਰਟੀ ਦੇ ਉੱਪ ਪ੍ਰਧਾਨ ਵਰਿਸ਼ਨ ਪਟੇਲ, ਸੂਬਾਈ ਤਰਜਮਾਨ ਚਿਤਰੰਜਨ ਗਗਨ ਅਤੇ ਸੂਬਾ ਜਨਰਲ ਸਕੱਤਰ ਮੁਕੰਦ ਸਿੰਘ ਮੁਤਾਬਕ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਚੋਣਾਂ ਬੈਲੇਟ ਪੇਪਰ ਰਾਹੀਂ ਹੋਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਚੋਣ ਕਮਿਸ਼ਨ ਨੂੰ ਮਿਲੇ ਜੇਡੀ (ਯੂ) ਦੇ ਵਫ਼ਦ ਆਗੂ ਰਾਜੀਵ ਰੰਜਨ ਸਿੰਘ ਨੇ ਕਿਹਾ, ‘‘ਅਸੀਂ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਹਾਂ ਕਿ ਬਿਹਾਰ ਵਿੱਚ ਸੱਤ ਗੇੜਾਂ ’ਚ ਚੋਣਾਂ ਕਰਵਾਉਣ ਦੀ ਪ੍ਰਥਾ ਛੱਡ ਦਿੱਤੀ ਜਾਵੇ ਤੇ ਚੋਣਾਂ ਤਿੰਨ ਤੋਂ ਵੱਧ ਗੇੜਾਂ ’ਚ ਪੂਰੀਆਂ ਨਾ ਕਰਵਾਈਆਂ ਜਾਣ।’’ ਇਸੇ ਦੌਰਾਨ ਸੀਪੀਆਈ(ਐੱਮਐੱਲ) ਤੇ ਸੀਪੀਆਈ(ਐੱਮ) ਨੇ ਵੀ ਈਵੀਐੱਮਜ਼ ਸਬੰਧੀ ਚਿੰਤਾ ਪ੍ਰਗਟਾਈ ਹੈ। ਸੀਪੀਆਈ(ਐੱਮ) ਨੇ ਇੱਕ ਖ਼ਬਰ ਦਾ ਹਵਾਲਾ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਈਵੀਐੱਮਜ਼ ਨਿਰਮਾਤਾ ਕੰਪਨੀ ਦੇ ਬੋਰਡ ’ਚ ਤਿੰਨ ਅਜਿਹੇ ਡਾਇਰੈਕਟਰ ਹਨ ਜਿਨ੍ਹਾਂ ਦੇ ‘ਭਾਜਪਾ ਨਾਲ ਨੇੜਲੇ ਸਬੰਧ’ ਹਨ ਜਿਸ ਕਾਰਨ ਚੋਣ ਕਮਿਸ਼ਨ ਦੀ ਨਿਰਪੱਖ ਚੋਣਾਂ ਕਰਵਾਉਣ ਦੀ ਸਮਰੱਥਾ ਨਾਲ ਸਮਝੌਤਾ ਹੋ ਸਕਦਾ ਹੈ।  -ਪੀਟੀਆਈ

LEAVE A REPLY

Please enter your comment!
Please enter your name here