ਗੁਰਦੀਪ ਸਿੰਘ ਲਾਲੀ

ਸੰਗਰੂਰ, 24 ਮਾਰਚ

ਇਥੋਂ ਨੇੜਲੇ ਪਿੰਡ ਉਪਲੀ ਵਿੱਚ ਸੀਟੂ ਦੀ ਅਗਵਾਈ ਹੇਠ ਕਿਰਤੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਅਤੇ ਜ਼ਹਿਰੀਲੀ ਸ਼ਰਾਬ ਦਾ ਗੈਰਕਾਨੂੰਨੀ ਧੰਦਾ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਲੈਣ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ।

ਸੀਟੂ ਨਾਲ ਸਬੰਧਤ ਆਗੂਆਂ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੁਨੀਅਨ ਸੀਟੂ ਦੇ ਜਿਲ੍ਹਾ ਕਨਵੀਨਰ ਵਰਿੰਦਰ ਕੌਸ਼ਿਕ, ਮਨਰੇਗਾ ਆਗੂ ਸਤਵੀਰ ਤੁੰਗਾਂ, ਕਾਮਰੇਡ ਕਰਮ ਸਿੰਘ ਪੰਚ, ਕਾਮਰੇਡ ਬੱਲਮ ਸਿੰਘ ਅਤੇ ਕਾਮਰੇਡ ਸਿਕੰਦਰ ਸਿੰਘ ਨੇ ਕਿਹਾ ਕਿ ਸੱਤਾ ’ਤੇ ਕਾਬਜ਼ ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਅੱਜ ਦੇਸ਼ ਅੰਦਰ ਮਜ਼ਦੂਰ ਵਰਗ ਦੀ ਹਾਲਤ ਕੱਖੋਂ ਹੋਲੀ ਹੋ ਚੁੱਕੀ ਹੈ। ਪਿੰਡ ਗੁੱਜਰਾਂ, ਢੰਡੋਲੀ, ਟਿੱਬੀ ਸੁਨਾਮ ਤੇ ਜਖੇਪਲ ਦੇ ਲਗਭਗ ਦੋ ਦਰਜਨ ਮਜਦੂਰ ਜ਼ਹਿਰੀਲੀ ਤੇ ਨਕਲੀ ਸ਼ਰਾਬ ਪੀਣ ਕਰਕੇ ਮੌਤ ਦੇ ਮੂੰਹ ਪੈ ਚੁੱਕੇ ਹਨ। ਆਗੂਆਂ ਨੇ ਕਿਹਾ ਸੂਬੇ ਦੇ ਹਲਾਤ ਦੇਖ ਕੇ ਲਗਦਾ ਹੈ ਕਿ ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ। ਵਿੱਤ ਮੰਤਰੀ ਦੇ ਹਲਕੇ ‘ਚ ਨਕਲੀ ਸ਼ਰਾਬ ਦਾ ਧੰਦਾ ਸਰਕਾਰ ਦੇ ਨਸ਼ਾ ਮੁਕਤੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਮਜ਼ਦੂਰ ਵਰਗ ਨੂੰ ਕੋਈ ਵੀ ਸੁੱਖ ਸਹੂਲਤ ਨਹੀਂ ਦਿੱਤੀ ਸਗੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਲੜ ਕੇ ਪ੍ਰਾਪਤ ਕੀਤੀਆਂ ਹੱਕੀ ਸਹੂਲਤਾਂ ’ਤੇ ਵੀ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਰਤੀ ਲੋਕਾਂ ਨੂੰ ਇਕਜੁੱਟ ਹੋ ਕੇ ਮਜ਼ਦੂਰ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਤਿੱਖਾ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਿਤੀਆਂ ਜਾਣ ਤੇ ਮ੍ਰਿਤਕਾ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਨਿਰਮਲ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਜਗਰੂਪ ਸਿੰਘ, ਛੱਜੂ ਸਿੰਘ, ਮੁਖਤਿਆਰ ਸਿੰਘ, ਵੀਰ ਸਿੰਘ, ਲਛਮਣ ਸਿੰਘ ਤੇ ਦਰਸ਼ਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here