ਗੁਰਦੀਪ ਸਿੰਘ ਲਾਲੀ

ਸੰਗਰੂਰ, 16 ਮਾਰਚ

ਪੰਜਾਬ ਪੁਲੀਸ ਭਰਤੀ-2016 ਦੀ ਵੇਟਿੰਗ ਸੂਚੀ ਪ੍ਰਕਿਰਿਆ ਮੁਕੰਮਲ ਕਰ ਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਹਫ਼ਤਿਆਂ ਤੋਂ ਮਹਿਲਾ ਉਮੀਦਵਾਰ ਹਰਦੀਪ ਕੌਰ ਜਿੱਥੇ ਮੋਬਾਈਲ ਟਾਵਰ ਉਪਰ ਚੜ੍ਹੀ ਹੋਈ ਹੈ ਉੱਥੇ ਮੋਬਾਈਲ ਟਾਵਰ ਨਜ਼ਦੀਕ ਪੱਕਾ ਮੋਰਚਾ ਲਗਾਈਂ ਬੈਠੇ ਭਰਤੀ ਉਮੀਦਵਾਰਾਂ ਵੱਲੋਂ ਅੱਜ ਮੋਰਚੇ ਵਾਲੇ ਸਥਾਨ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਪੰਜਾਬ ਸਰਕਾਰ ’ਤੇ ਸਾਰ ਨਾ ਲੈਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ।

ਅੱਜ ਪੁਲੀਸ ਭਰਤੀ ਦੇ ਉਮੀਦਵਾਰਾਂ ਵੱਲੋਂ ਮੋਬਾਈਲ ਟਾਵਰ ਨੇੜੇ ਪੱਕੇ ਮੋਰਚੇ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਗਿਆ ਜਿਨ੍ਹਾਂ ਦੇ ਹੱਥਾਂ ਵਿੱਚ ਮੰਗਾਂ ਵਾਲੇ ਮਾਟੋ ਚੁੱਕੇ ਹੋਏ ਹਨ। ਜਿਉਂ ਹੀ ਉਮੀਦਵਾਰ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਕੋਲ ਪੁੱਜੇ ਤਾਂ ਪੁਲੀਸ ਵੱਲੋਂ ਰੋਕ ਲਿਆ ਗਿਆ। ਪ੍ਰਦਰਸ਼ਨਕਾਰੀ ਉਮੀਦਵਾਰਾਂ ਦੀ ਅਗਵਾਈ ਕਰ ਰਹੇ ਅਮਨਦੀਪ ਸਿੰਘ, ਜਗਸੀਰ ਸਿੰਘ, ਨਗਿੰਦਰ ਸਿੰਘ ਤੇ ਧਰਮਿੰਦਰ ਸਿੰਘ ਆਦਿ ਨੇ ਕਿਹਾ ਕਿ ਬੀਤੀ 3 ਮਾਰਚ ਤੋਂ ਭਰਤੀ ਉਮੀਦਵਾਰ ਦੋ ਲੜਕੀਆਂ ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਨੇੜੇ ਇੱਕ ਮੋਬਾਈਲ ਟਾਵਰ ਉਪਰ ਚੜ੍ਹੀਆਂ ਸਨ ਜਿਨ੍ਹਾਂ ’ਚੋਂ ਇੱਕ ਅਮਨਦੀਪ ਕੌਰ ਨੂੰ ਸਿਹਤ ਵਿਗੜ ਜਾਣ ਕਾਰਨ ਹੇਠਾਂ ਉਤਾਰ ਲਿਆ ਗਿਆ ਸੀ ਜਦੋਂ ਕਿ ਹਰਦੀਪ ਕੌਰ ਅਜੇ ਵੀ ਮੋਬਾਈਲ ਟਾਵਰ ਉੱਪਰ ਮੌਜੂਦ ਹੈ ਜਿਸ ਦੀ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਨ 2016 ਵਿੱਚ ਪੰਜਾਬ ਪੁਲੀਸ ਵਿੱਚ ਸਿਪਾਹੀਆਂ ਦੀ ਭਰਤੀ ਕੀਤੀ ਗਈ ਸੀ ਜਿਸ ਦੀ ਵੇਟਿੰਗ ਸੂਚੀ ਨੂੰ ਅਜੇ ਤੱਕ ਮੁਕੰਮਲ ਨਹੀਂ ਕੀਤਾ ਗਿਆ। ਮੌਜੂਦਾ ਸਰਕਾਰ ਵੱਲੋਂ ਸਤੰਬਰ-2022 ਵਿੱਚ ਲਗਭਗ 300 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਹੁਣ ਕਰੀਬ 500 ਉਮੀਦਵਾਰ ਬਾਕੀ ਰਹਿ ਗਏ ਹਨ ਜੋ ਨਿਯੁਕਤੀ ਪੱਤਰਾਂ ਲਈ ਸੜਕਾਂ ਉਪਰ ਰੁਲਣ ਲਈ ਮਜਬੂਰ ਹੋ ਰਹੇ ਹਨ। ਆਗੂਆਂ ਕਿਹਾ ਕਿ ਭਾਵੇਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪਰ ਉਨ੍ਹਾਂ ਦਾ ਮੋਬਾਈਲ ਟਾਵਰ ਉਪਰ ਅਤੇ ਹੇਠਾਂ ਸੰਘਰਸ਼ ਜਾਰੀ ਰਹੇਗਾ।

LEAVE A REPLY

Please enter your comment!
Please enter your name here