ਸਿਓਲ, 18 ਮਾਰਚ

ਉੱਤਰੀ ਕੋਰੀਆ ਨੇ ਅੱਜ ਸਵੇਰੇ ਆਪਣੇ ਪੂਰਬੀ ਜਲ ਖੇਤਰ ਵੱਲ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਦੱਖਣੀ ਕੋਰੀਆ ਤੇ ਜਾਪਾਨ ਨੇ ਇਹ ਜਾਣਕਾਰੀ ਦਿੱਤੀ।

ਇਹ ਮਿਜ਼ਾਈਲਾਂ ਦੱਖਣੀ ਕੋਰੀਆ-ਅਮਰੀਕਾ ਦਾ ਫੌਜੀ ਅਭਿਆਸ ਖਤਮ ਹੋਣ ਤੋਂ ਬਾਅਦ ਦਾਗੀਆਂ ਗਈਆਂ ਹਨ ਜਿਸ ਨੂੰ ਉੱਤਰੀ ਕੋਰੀਆ ਹਮਲੇ ਲਈ ਅਭਿਆਸ ਦਸਦਾ ਰਿਹਾ ਹੈ। ਇਹ ਕਰੀਬ ਇੱਕ ਮਹੀਨੇ ਅੰਦਰ ਉੱਤਰੀ ਕੋਰੀਆ ਵੱਲੋਂ ਕੀਤਾ ਗਿਆ ਪਹਿਲਾ ਮਿਜ਼ਾਈਲ ਪ੍ਰੀਖਣ ਹੈ। ਮਾਹਰਾਂ ਨੂੰ ਪਹਿਲਾਂ ਹੀ ਅਨੁਮਾਨ ਸੀ ਕਿ ਅਮਰੀਕਾ ’ਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਉੱਤਰੀ ਕੋਰੀਆ ਆਪਣਾ ਮਿਜ਼ਾਈਲ ਪ੍ਰੀਖਣ ਤੇਜ਼ ਕਰੇਗਾ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉੱਤਰੀ ਕੋਰੀਆ ਨੇ ਤਿੰਨ ਮਿਜ਼ਾਈਲਾਂ ਦਾਗੀਆਂ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਸੰਸਦ ਦੇ ਇੱਕ ਸੈਸ਼ਨ ਦੌਰਾਨ ਕਿਹਾ ਕਿ ਉੱਤਰੀ ਕੋਰੀਆ ਦੀਆਂ ਮਿਜ਼ਾਈਲਾਂ ਕੋਰੀਆ ਪ੍ਰਾਇਦੀਪ ਤੇ ਜਾਪਾਨ ਵਿਚਾਲੇ ਜਲ ਖੇਤਰ ’ਚ ਡਿੱਗੀਆਂ ਅਤੇ ਇਸ ਕੋਈ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਕਿਸ਼ੀਦਾ ਨੇ ਉੱਤਰੀ ਕੋਰੀਆ ਵੱਲੋਂ ਵਾਰ-ਵਾਰ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤੇ ਜਾਣ ਦੀ ਨਿੰਦਾ ਕੀਤੀ। ਦੱਖਣੀ ਕੋਰੀਆ ਦੀ ਸੈਨਾ ਨੇ ਦੱਸਿਆ ਕਿ ਉਸ ਨੇ ਵੀ ਅੱਜ ਸਵੇਰੇ ਉੱਤਰੀ ਕੋਰੀਆ ਵੱਲੋਂ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੇ ਜਾਣ ਦਾ ਪਤਾ ਲਾਇਆ ਹੈ। ਇਸੇ ਦੌਰਾਨ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਇਹ ਵੀ ਕਿਹਾ ਕਿ ਉੱਤਰੀ ਕੋਰੀਆ ਨੇ ਯੂਕਰੇਨ ਖ਼ਿਲਾਫ਼ ਜੰਗ ’ਚ ਮਦਦ ਕਰਨ ਲਈ ਰੂਸ ਨੂੰ ਹਥਿਆਰਾਂ ਤੇ ਅਸਲੇ ਦੇ 7 ਹਜ਼ਾਰ ਕੰਟੇਨਰ ਭੇਜੇ ਹਨ। ਦੂਜੇ ਪਾਸੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਨ੍ਹਾਂ ਪ੍ਰੀਖਣਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਪ੍ਰੀਖਣ ਉੱਤਰੀ ਕੋਰੀਆ ਦੇ ਗੁਆਂਢੀਆਂ ਤੇ ਖੇਤਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਹਨ। -ਪੀਟੀਆਈ

LEAVE A REPLY

Please enter your comment!
Please enter your name here