ਬੰਗਲੌਰ, 7 ਮਾਰਚ

ਕਰਨਾਟਕ ਦੀ ਰਾਜਧਾਨੀ ਬੰਗਲੌਰ ਦੇ ਵਿਜੈਨਗਰ ਵਿੱਚ ਸਥਿਤ ਕੋਚਿੰਗ ਸੈਂਟਰ ਨੇ ‘ਐਮਰਜੰਸੀ’ ਸਥਿਤੀ ਦੇ ਮੱਦੇਨਜ਼ਰ ਆਪਣੇ ਵਿਦਿਆਰਥੀਆਂ ਨੂੰ ਹਫ਼ਤੇ ਲਈ ਆਨਲਾਈਨ ਕਲਾਸਾਂ ਲੈਣ ਲਈ ਕਿਹਾ ਹੈ। ਇਸੇ ਤਰ੍ਹਾਂ ਸ਼ਹਿਰ ਇਕ ਹੋਰ ਇਲਾਕੇ ਵਿਚਲੇ ਸਕੂਲ ਨੂੰ ਵੀ ਬੰਦ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਲਾਉਣ ਦੀ ਹਦਾਇਤ ਕੀਤੀ ਗਈ। ਇਹ ‘ਐਮਰਜੰਸੀ’ ਸ਼ਹਿਰ ਵਿੱਚ ਪਾਣੀ ਦਾ ਗੰਭੀਰ ਸੰਕਟ ਹੈ। ਸਾਲ 2023 ‘ਚ ਮੀਂਹ ਦੀ ਕਮੀ ਕਾਰਨ ਪੂਰਾ ਕਰਨਾਟਕ, ਖਾਸ ਤੌਰ ‘ਤੇ ਬੰਗਲੌਰ ਹਾਲ ਹੀ ਦੇ ਸਾਲਾਂ ‘ਚ ਸਭ ਤੋਂ ਭਿਆਨਕ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਘੱਟ ਬਾਰਸ਼ ਦਾ ਕਾਰਨ ਅਲ ਨੀਨੋ ਪ੍ਰਭਾਵ ਨੂੰ ਮੰਨਿਆ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਬੰਗਲੌਰ ਦੇ ਕੁਮਾਰਕ੍ਰਿਪਾ ਰੋਡ ‘ਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਦਫਤਰ-ਕਮ-ਨਿਵਾਸ ਦੇ ਅੰਦਰ ਪਾਣੀ ਦੇ ਟੈਂਕਰ ਦੇਖੇ ਗਏ ਹਨ। ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਸਦਾਸ਼ਿਵਨਗਰ ਬੰਗਲੌਰ ਵਿੱਚ ਉਨ੍ਹਾਂ ਦੇ ਘਰ ਦਾ ਬੋਰਵੈੱਲ ਪਹਿਲੀ ਵਾਰ ਪੂਰੀ ਤਰ੍ਹਾਂ ਸੁੱਕ ਗਿਆ ਹੈ। ਇਹ ਘਰ ਸਦਾਸ਼ਿਵਨਗਰ ਸਾਂਕੀ ਝੀਲ ਦੇ ਕੋਲ ਸਥਿਤ ਹੈ। ਬੰਗਲੌਰ ਦੀਆਂ ਸੜਕਾਂ ‘ਤੇ ਪਾਣੀ ਦੇ ਟੈਂਕਰ ਹੁਣ ਆਮ ਹੋ ਗਏ ਹਨ। ਸ੍ਰੀ ਸ਼ਿਵਕੁਮਾਰ ਅਨੁਸਾਰ ਆਮ ਦਿਨਾਂ ਦੌਰਾਨ ਪਾਣੀ ਦੀ ਸਪਲਾਈ ਕਰਨ ਵਾਲੇ ਟੈਂਕਰ ਦਾ 700 ਤੋਂ 800 ਰੁਪਏ ਕਿਰਾਇਆ ਲਿਆ ਜਾਂਦਾ ਸੀ ਪਰ ਮੰਗ ਜ਼ਿਆਦਾ ਹੋਣ ਕਾਰਨ ਹੁਣ ਟੈਂਕਰ ਦਾ ਰੇਟ 1500 ਤੋਂ 1800 ਰੁਪਏ ਹੋ ਗਿਆ ਹੈ।

LEAVE A REPLY

Please enter your comment!
Please enter your name here