ਖੇਤਰੀ ਪ੍ਰਤੀਨਿਧ

ਪਟਿਆਲਾ, 8 ਅਪਰੈਲ

ਕਾਲਜਾਂ ਵਿੱਚ ਪੜ੍ਹਦੀਆਂ ਪੰਜਾਬੀ ਕੁੜੀਆਂ ਵਿੱਚ ਕਰੀਅਰ ਸਬੰਧੀ ਫ਼ੈਸਲਿਆਂ ਨੂੰ ਲੈ ਕੇ ਜਾਗਰੂਕਤਾ ਅਤੇ ਸਮਰੱਥਾ ਸਮੇਤ ਇਸ ਸਬੰਧੀ ਪ੍ਰਭਾਵਿਤ ਕਰਨ ਵਾਲ਼ੇ ਪੱਖਾਂ ਬਾਬਤ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ ਖੋਜ ਕੀਤੀ ਗਈ ਹੈ। ਇਹ ਖੋਜ ਕਾਰਜ ਵਿਭਾਗ ਦੀ ਖੋਜਾਰਥੀ ਹਰਜਿੰਦਰ ਕੌਰ ਵੱਲੋਂ ਐੱਸਡੀ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਦੀ ਨਿਗਰਾਨੀ ਵਿੱਚ ਮੁਕੰਮਲ ਕੀਤਾ ਗਿਆ ਹੈ। ਇਸ ਅਧਿਐਨ ਰਾਹੀਂ ਪ੍ਰਾਪਤ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕਰੀਅਰ/ਰੁਜ਼ਗਾਰ ਚੋਣ ਪ੍ਰਤੀ ਫੈਸਲਾ ਲੈਣ ਪੱਖੋਂ ਪੰਜਾਬ ਦੀਆਂ ਕਾਲਜ ਵਿਦਿਆਰਥਣਾਂ ਦਾ ਪੱਧਰ ਔਸਤ ਤੋਂ ਵਧੇਰੇ ਹੈ, ਪਰ ਕਰੀਅਰ ਚੋਣ ਵਿੱਚ ਠੀਕ/ਢੁਕਵਾਂ ਫ਼ੈਸਲਾ ਲੈਣ ਦੀ ਸਮਰੱਥਾ ਪੱਖੋਂ ਇਹ ਪੱਧਰ ਔਸਤ ਤੋਂ ਹੇਠਾਂ ਦੇਖਿਆ ਗਿਆ। ਅਧਿਐਨ ਰਾਹੀਂ ਸਾਹਮਣੇ ਆਇਆ ਕਿ ਪਰਿਵਾਰਕ ਮੈਂਬਰਾਂ ਦੀ ਸਿੱਖਿਆ ਦਾ ਪੱਧਰ, ਪਰਿਵਾਰ ਦਾ ਆਕਾਰ, ਮਾਪਿਆਂ ਦਾ ਰੁਜ਼ਗਾਰ ਆਦਿ ਅਜਿਹੇ ਕਾਰਕ ਹਨ ਜੋ ਇਸ ਪੱਖੋਂ ਆਪਣੀ ਵੱਡੀ ਭੂਮਿਕਾ ਨਿਭਾਉਂਦੇ ਹਨ। ਅੰਕੜਿਆਂ ਰਾਹੀਂ ਇਹ ਸਪੱਸ਼ਟ ਰੂਪ ਵਿੱਚ ਸਾਹਮਣੇ ਆਇਆ ਕਿ ਮਾਪਿਆਂ ਦਾ ਪੜ੍ਹੇ ਲਿਖੇ ਹੋਣਾ ਇਸ ਪੱਖੋਂ ਵਿਸ਼ੇਸ਼ ਸਾਕਾਰਤਮਕ ਭੂਮਿਕਾ ਨਿਭਾਉਂਦਾ ਹੈ। ਇਸ ਖੋਜ ਲਈ ਅੰਕੜੇ ਜੁਟਾਉਣ ਹਿਤ ਯੂਨੀਵਰਸਿਟੀ ਨਾਲ ਸਬੰਧਤ ਡਿਗਰੀ ਕਾਲਜਾਂ ਵਿੱਚੋਂ 1000 ਲੜਕੀਆਂ ਨੂੰ ਚੁਣਿਆ ਗਿਆ ਸੀ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਖੋਜ ਜਿੱਥੇ ਪੰਜਾਬ ਦੀਆਂ ਲੜਕੀਆਂ ਦੀ ਆਪਣੇ ਕਰੀਅਰ ਪ੍ਰਤੀ ਜਾਗਰੂਕਤਾ ਅਤੇ ਸਮਰੱਥਾ ਦਾ ਅਸਲ ਅੰਦਾਜ਼ਾ ਲਗਾਉਣ ਵਿੱਚ ਸਹਾਈ ਹੋਵੇਗੀ ਉੱਥੇ ਹੀ ਦੂਜੇ ਪਾਸੇ ਇਸ ਖੋਜ ਦੇ ਅੰਕੜੇ ਲੜਕੀਆਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਅਤੇ ਸਮਰੱਥ ਬਣਾਉਣ ਦੇ ਲਿਹਾਜ਼ ਨਾਲ਼ ਨਵੇਂ ਕਦਮ ਉਠਾਉਣ ਅਤੇ ਨਵੀਂਆਂ ਨੀਤੀਆਂ ਦੇ ਨਿਰਮਾਣ ਵਿੱਚ ਵੀ ਕੰਮ ਆ ਸਕਣਗੇ।

LEAVE A REPLY

Please enter your comment!
Please enter your name here