ਆਤਿਸ਼ ਗੁਪਤਾ

ਚੰਡੀਗੜ੍ਹ, 17 ਅਪਰੈਲ

ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਕਾਂਗਰਸ ਤੇ ਭਾਜਪਾ ਨੇ ਅੱਜ ਤੋਂ ਚੋਣ ਪ੍ਰਚਾਰ ਲਈ ਬਿਗਲ ਬਜਾ ਦਿੱਤਾ ਹੈ।

ਅੱਜ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਸੈਕਟਰ-25 ਸਥਿਤ ਕਾਂਗਰਸ ਭਵਨ ਅਤੇ ਭਾਜਪਾ ਉਮੀਦਵਾਰ ਸੰਜੈ ਟੰਡਨ ਨੇ ਸੈਕਟਰ-33 ਸਥਿਤ ਪਾਰਟੀ ਦਫ਼ਤਰ ਕਮਲਮ ਵਿੱਚ ਪਾਰਟੀ ਦੇ ਸਮੂਹ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਦੋਵਾਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਲੋਕ ਸਭਾ ਚੋਣਾਂ ਲਈ ਰਣਨੀਤੀ ਉਲੀਕੀ ਹੈ।

ਭਾਜਪਾ ਉਮੀਦਵਾਰ ਸੰਜੈ ਟੰਡਨ ਵੱਲੋਂ ਮੋਦੀ ਸਰਕਾਰ ਦੀਆਂ 10 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿੱਚ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਜਪਾ ਵੱਲੋਂ ਇਕ ਪਰਚਾ ਵੀ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਭਾਜਪਾ ਸਰਕਾਰ ਵੱਲੋਂ 10 ਸਾਲਾਂ ਵਿੱਚ ਕੀਤੇ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।

ਇਸ ਤੋਂ ਇਲਾਵਾ ਭਾਜਪਾ ਵੱਲੋਂ ਅਗਲੇ ਚੋਣ ਮੈਨੀਫੇਸਟੋਂ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ।

ਦੂਜੇ ਪਾਸੇ ਕਾਂਗਰਸ ਪਾਰਟੀ ਨੇ ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਦੀਆਂ ਨਾਕਾਮੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਵਿੱਚ ਭਾਜਪਾ ਵੱਲੋਂ ਜਿਹੜੇ ਐਲਾਨ ਕੀਤੇ ਗਏ ਸਨ ਅਤੇ ਉਹ ਪੂਰੇ ਨਹੀਂ ਹੋਏ ਉਹ ਸ਼ਾਮਲ ਹਨ। ਇਸ ਤੋਂ ਇਲਾਵਾ ਭਾਜਪਾ ਵੱਲੋਂ ਦੇਸ਼ ਵਿੱਚ ਵਿਰੋਧੀਆਂ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਵੀ ਲੋਕਾਂ ਵਿੱਚ ਪ੍ਰਚਾਰਨ ਲਈ ਰਣਨੀਤੀ ਤਿਆਰ ਕੀਤੀ ਗਈ ਹੈ।

ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ ਜ਼ਰੂਰੀ: ਮਨੀਸ਼ ਤਿਵਾੜੀ

ਕਾਂਗਰਸ ਦੇ ਸੀਨੀਅਰ ਆਗੂ ਤੇ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਪਾਰਟੀ ਦੇ ਅਹੁਦੇਦਾਰਾਂ ਤੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਹ ਚੋਣਾਂ ਦੇਸ਼ ਵਿੱਚ ਲੋਕਤੰਤਰ ਦੀ ਰਾਖੀ ਦੇ ਨਾਲ-ਨਾਲ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਆਮ ਆਦਮੀ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਲੋਕਾਂ ਦੀ ਆਮਦਨ ਘਟ ਰਹੀ ਹੈ, ਉਥੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਦੇ ਸ਼ਾਸਨ ਦੌਰਾਨ ਖੁਰਾਕ ਸੁਰੱਖਿਆ ਕਾਨੂੰਨ, ਮਨਰੇਗਾ ਤੇ ਲੋਕਾਂ ਦੇ ਖਾਤਿਆਂ ਵਿੱਚ ਸਿੱਧੀ ਸਬਸਿਡੀ ਟਰਾਂਸਫਰ ਵਰਗੀਆਂ ਲੋਕ ਹਿੱਤ ਦੀਆਂ ਸਕੀਮਾਂ ਲਿਆਂਦੀਆਂ ਗਈਆਂ ਸਨ ਪਰ ਮੌਜੂਦਾ ਸ਼ਾਸਨ ਨੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਬਜਾਏ ਸਿਰਫ਼ ਝੂਠੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਗਰੀਬੀ ਰੇਖਾ ਤੋਂ ਥੱਲੇ ਧੱਕ ਦਿੱਤਾ ਹੈ।

ਕੰਮਾਂ ਦੇ ਆਧਾਰ ’ਤੇ ਵੋਟ ਪਾਉਣ ਦੀ ਕੀਤੀ ਜਾਵੇ ਅਪੀਲ: ਟੰਡਨ

ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਪਾਰਟੀ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਲੋਕਾਂ ਦਾ 500 ਸਾਲ ਪੁਰਾਣਾ ਸੁਫ਼ਨਾ ਪੁਰਾ ਹੋ ਗਿਆ ਅਤੇ ਅਯੁੱਧਿਆ ਮੰਦਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ 10 ਸਾਲਾਂ ਦੇ ਕੰਮਾਂ ਨੂੰ ਘਰ-ਘਰ ਪਹੁੰਚਾਇਆ ਜਾਵੇ ਅਤੇ ਆਪਣੇ ਰਿਸ਼ਤੇਦਾਰ ਤੇ ਹੋਰਨਾਂ ਦੋਸਤਾਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾਵੇ।

ਤਿਵਾੜੀ ਨੂੰ ਉਮੀਦਵਾਰ ਐਲਾਨਣ ਖ਼ਿਲਾਫ਼ ਕਾਂਗਰਸੀਆਂ ਨੇ ਮੁੜ ਦਿੱਤੇ ਅਸਤੀਫ਼ੇ

ਚੰਡੀਗੜ੍ਹ ਵਿੱਚ ਕਾਂਗਰਸੀ ਆਗੂ ਜੋਤੀ ਹੰਸ ਆਪਣੇ ਸਮਰਥਕਾਂ ਨਾਲ ਨਾਅਰੇਬਾਜ਼ੀ ਕਰਦੇ ਹੋਏ।

ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨੇ ਜਾਣ ਉਪਰੰਤ ਕਾਂਗਰਸੀ ਵਰਕਰਾਂ ਦੀ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਲਗਾਤਾਰ ਤੀਜੇ ਦਿਨ ਸ਼ਹਿਰ ਵਿੱਚ ਕਾਂਗਰਸੀ ਵਰਕਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਸਤੀਫ਼ੇ ਦੇਣ ਵਾਲਿਆਂ ਵਿੱਚ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਜੋਤੀ ਹੰਸ ਸਣੇ ਹੋਰ ਕਈ ਜਣੇ ਸ਼ਾਮਲ ਹਨ। ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਜੋਤੀ ਹੰਸ ਨੇ ਕਿਹਾ ਕਿ ਚੰਡੀਗੜ੍ਹ ਪ੍ਰਧਾਨ ਲੱਕੀ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਇੱਕ ਵਾਰ ਵੀ ਸੈਕਟਰ 25 ਦੀ ਕਲੋਨੀ ਵਿੱਚ ਨਹੀਂ ਆਏ ਹਨ। ਉਸ ਨੂੰ ਸੈਕਟਰ-25 ਦੇ ਵਾਰਡ ਦੇ ਵਰਕਰਾਂ ਦੇ ਨਾਂ ਵੀ ਨਹੀਂ ਪਤਾ, ਉਲਟਾ ਲੱਕੀ ਨੇ ਉਨ੍ਹਾਂ ਨੂੰ ਦੋ ਵਾਰ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ। ਉਨ੍ਹਾਂ ਕਿਹਾ ਕਿ ਜਿਸ ਪ੍ਰਧਾਨ ਨੂੰ ਆਪਣੇ ਪੁਰਾਣੇ ਵਰਕਰਾਂ ਬਾਰੇ ਵੀ ਨਹੀਂ ਪਤਾ ਉਹ ਪਾਰਟੀ ਨੂੰ ਚਲਾਉਣ ਦੇ ਯੋਗ ਨਹੀਂ ਹੈ। ਜੋਤੀ ਹੰਸ ਨੇ ਮੰਗ ਕੀਤੀ ਕਿ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਲੱਕੀ ਨੂੰ ਹਟਾਇਆ ਜਾਵੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਵੱਲੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕੁਝ ਕਾਂਗਰਸੀ ਵਰਕਰਾਂ ਨੇ ਕਾਂਗਰਸ ਪ੍ਰਧਾਨ ਲੱਕੀ ’ਤੇ ਪਵਨ ਕੁਮਾਰ ਬਾਂਸਲ ਵਿਰੁੱਧ ਸੋਸ਼ਲ ਮੀਡੀਆ ’ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਸਨ। ਇਨ੍ਹਾਂ ਦੋਸ਼ਾਂ ਤਹਿਤ ਹੀ ਪਹਿਲੇ ਦਿਨ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਤੇ ਹੋਰਨਾਂ ਨੇ ਅਤੇ ਦੂਜੇ ਦਿਨ ਹਿਮਾਚਲ ਸੈੱਲ ਦੇ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ।

LEAVE A REPLY

Please enter your comment!
Please enter your name here