ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 28 ਅਪਰੈਲ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਬੁਲਾਈ ਗਈ ਕਾਂਗਰਸ ਪਾਰਟੀ ਦੀ ਬਲਾਕ ਪੱਧਰੀ ਮੀਟਿੰਗ ਵਿੱਚ ਵਰਕਰਾਂ ਵੱਲੋਂ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਅਪੀਲ ਕੀਤੀ ਗਈ ਕਿ ਇਲਾਕੇ ਵਿੱਚ ਆਪਣੀ ਚੋਣ ਮੁਹਿੰਮ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਬਲਾਕ ਦੇ ਆਗੂਆਂ ਅਤੇ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਦੇਸ਼ਾ, ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਬਲਵਿੰਦਰ ਸਿੰਘ ਘਾਬਦੀਆ, ਯੂਥ ਆਗੂ ਗੁਰਤੇਜ ਸਿੰਘ ਕੰਧੋਲਾ, ਕਰਮਜੀਤ ਸਿੰਘ ਫੱਗੂਵਾਲਾ, ਸੁਰਜੀਤ ਸਿੰਘ ਮੱਟਰਾਂ, ਸੁਖਵਿੰਦਰ ਸਿੰਘ ਘੁਮਾਣ, ਕਰਨੈਲ ਸਿੰਘ ਝਨੇੜੀ, ਕਰਮਜੀਤ ਸਿੰਘ ਸਕਰੌਦੀ ਆਦਿ ਆਗੂਆਂ ਨੇ ਕਿਹਾ ਕਿ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਨਿਧੜਕ ਆਗੂ ਹਨ। ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਹਰ ਇੱਕ ਵਰਕਰ ਯੋਗਦਾਨ ਪਾਉਣ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਖਹਿਰਾ ਨੂੰ ਬਲਾਕ ਦੇ ਸਮੂਹ ਆਗੂਆਂ ਤੇ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਲਈ ਮੀਟਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਪਾਰਟੀ ਉਮੀਦਵਾਰ ਨੂੰ ਬਲਾਕ ਵਿੱਚ ਕੁੱਝ ਦੋਗਲੇ ਕਿਰਦਾਰਾਂ ਵਾਲੇ ਵਿਅਕਤੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵਿਅਕਤੀ ਹਮੇਸ਼ਾਂ ਪਾਰਟੀ ਗਤੀਵਿਧੀਆਂ ਅਤੇ ਹਲਕਾ ਇੰਚਾਰਜ ਵਿਜੈ ਇੰਦਰ ਸਿੰਗਲਾ ਦਾ ਵਿਰੋਧ ਕਰਦੇ ਰਹੇ ਹਨ ਅਤੇ ਉਹ ਇਸ ਚੋਣ ਮੁਹਿੰਮ ਵਿੱਚ ਵੀ ਨੁਕਸਾਨ ਕਰ ਸਕਦੇ ਹਨ। ਮੀਟਿੰਗ ਵਿੱਚ ਰਾਮ ਸਿੰਘ ਭਰਾਜ, ਸਾਹਬ ਸਿੰਘ ਭੜੋ, ਮਨਜੀਤ ਸਿੰਘ ਨਰੈਣਗੜ, ਕੁਲਦੀਪ ਸ਼ਰਮਾ, ਬਿੱਟੂ ਖ਼ਾਨ, ਗਗਨਦੀਪ ਗੋਲਡੀ, ਭਗਵੰਤ ਸਿੰਘ ਸੇਖੋਂ ਅਤੇ ਪਿਆਰਾ ਸਿੰਘ ਕਪਿਆਲ ਸਮੇਤ ਪੰਚ ਸਰਪੰਚ, ਕੌਂਸਲਰ, ਬਲਾਕ ਸੰਮਤੀ ਮੈਂਬਰ ਅਤੇ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here