ਬੰਗਲੂਰੂ, 16 ਮਾਰਚ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਅਨੁਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਜਨਜਾਤੀ (ਐੱਸਟੀ) ਤੇ ਹੋਰ ਪੱਛੜੇ ਵਰਗਾਂ (ਓਬੀਸੀ) ਦੇ ਰਾਖਵੇਂਕਰਨ ’ਤੇ ਲਾਗੂ 50 ਫ਼ੀਸਦ ਤੱਕ ਦੀ ਹੱਦ ਵਧਾਉਣ ਲਈ ਸੰਵਿਧਾਨ ’ਚ ਸੋਧ ਪਾਸ ਕਰਨ ਅਤੇ ਵਿਆਪਕ ਸਮਾਜਿਕ, ਆਰਥਿਕ ਅਤੇ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ‘ਮਜ਼ਦੂਰ ਵਿਰੋਧੀ’ ਲੇਬਰ ਨੇਮਾਂ ਦੀ ਵਿਆਪਕ ਸਮੀਖਿਆ ਕਰਨ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਢੁੱਕਵੀਂ ਸੋਧ ਕਰਨ ਦਾ ਭਰੋਸਾ ਵੀ ਦਿੱਤਾ। ਇਹ ਵਾਅਦੇ ‘ਸ਼੍ਰਮਿਕ ਨਿਆਏ’ ਤੇ ‘ਹਿੱਸੇਦਾਰੀ ਨਿਆਏ’ ਲਈ ਅੱਜ ਪਾਰਟੀ ਵੱਲੋਂ ਐਲਾਨੇ ਪੰਜ ਹੋਰ ਵਾਅਦਿਆਂ ’ਚ ਸ਼ਾਮਲ ਹਨ। ਖੜਗੇ ਨੇ ‘ਹਿੱਸੇਦਾਰੀ ਨਿਆਏ’ ਤਹਿਤ ਆਉਂਦੀਆਂ ਗਾਰੰਟੀਆਂ ਗਿਣਾਉਂਦੇ ਹੋਏ ਆਖਿਆ, ‘‘ਕਾਂਗਰਸ ਪਾਰਟੀ ਇੱਕ ਵਿਆਪਕ ਸਮਾਜਿਕ, ਆਰਥਿਕ ਅਤੇ ਜਾਤੀ ਜਣਗਣਨਾ ਦੀ ਗਾਰੰਟੀ ਦਿੰਦੀ ਹੈ। ਇਸ ਰਾਹੀ ਸਾਰੀਆਂ ਜਾਤਾਂ ਤੇ ਭਾਈਚਾਰਿਆਂ ਦੀ ਆਬਾਦੀ, ਸਮਾਜਿਕ-ਆਰਥਿਕ ਸਥਿਤੀ, ਕੌਮੀ ਸੰਪੱਤੀ ’ਚ ਉਨ੍ਹਾਂ ਦੀ ਹਿੱਸੇਦਾਰੀ ਤੇ ਸ਼ਾਸਨ ਨਾਲ ਸਬੰਧਤ ਸੰਸਥਾਵਾਂ ’ਚ ਉਨ੍ਹਾਂ ਦੀ ਨੁਮਾਇੰਦਗੀ ਦਾ ਸਰਵੇਖਣ ਕੀਤਾ ਜਾਵੇਗਾ।’’

ਉਨ੍ਹਾਂ ਕਿਹਾ ਕਿ ਇਹ ਸਕਾਰਾਤਮਕ ਨੀਤੀ ਦੇਸ਼ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਏਗੀ। ਖੜਗੇ ਮੁਤਾਬਕ, ‘‘ਕਾਂਗਰਸ ਇਹ ਗਾਰੰਟੀ ਵੀ ਦਿੰਦੀ ਹੈ ਕਿ ਉਹ ਐੱੱਸਸੀ, ਐੱਸਟੀ ਅਤੇ ਓਬੀਸੀ ’ਤੇ ਲਾਗੂ 50 ਫੀਸਦ ਰਾਖਵੇਂਕਰਨ ਦੀ ਹੱਦ ਵਧਾ ਕੇ 60, 65 ਫ਼ੀਸਦ ਕਰਨ ਲਈ ਸੰਵਿਧਾਨਕ ਸੋਧ ਪਾਸ ਕਰੇਗੀ। ਜੋ ਤਾਮਿਲਨਾਡੂ ਨੇ ਕੀਤਾ, ਅਸੀਂ ਵੀ ਕਰਨਾ ਚਾਹੁੰਦੇ ਹਾਂ।’’ਉਨ੍ਹਾਂ ਕਿਹਾ ਕਿ ਕਾਂਗਰਸ ਐੱਸਸੀ ਅਤੇ ਐੱਸਟੀ ਦੇ ਸਪੈਸ਼ਲ ਕੰਪੋਨੈਂਟ ਪਲਾਨ ਨੂੰ ਕਾਨੂੰਨ ਰਾਹੀਂ ਸੁਰਜੀਤ ਅਤੇ ਲਾਗੂ ਕਰਨ ਦੀ ਗਾਰੰਟੀ ਦਿੰਦੀ ਹੈ। -ਪੀਟੀਆਈ

LEAVE A REPLY

Please enter your comment!
Please enter your name here