ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ

ਸੰਗਰੂਰ/ਖਨੌਰੀ, 10 ਫਰਵਰੀ

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਐਲਾਨ ਨੂੰ ਮੁੱਖ ਰੱਖਦਿਆਂ ਹਰਿਆਣਾ ਸਰਕਾਰ ਪੱਬਾਂ ਭਾਰ ਹੋ ਗਈ ਹੈ। ਹਰਿਆਣਾ ਪੁਲੀਸ ਵਲੋ ਖਨੌਰੀ ਨੇੜੇ ਲੱਗਦੇ ਪੰਜਾਬ-ਹਰਿਆਣਾ ਬਾਰਡਰ ’ਤੇ ਵਧੇਰੇ ਚੌਕਸੀ ਵਧਾ ਦਿੱਤੀ ਹੈ ਅਤੇ ਕਿਸਾਨਾਂ ਨੂੰ ਹਰਿਆਣਾ ’ਚ ਦਾਖਲ ਹੋਣ ਤੋਂ ਰੋਕਣ ਲਈ ਵਿਊਂਤਬੰਦੀ ਕੀਤੀ ਜਾ ਰਹੀ ਹੈ। ਪੰਜਾਬ-ਹਰਿਆਣਾ ਬਾਰਡਰ ’ਤੇ ਹਰਿਆਣਾ ਪੁਲੀਸ ਵਲੋਂ ਵੱਡੀ ਤਾਦਾਦ ’ਚ ਬੈਰੀਕੇਡ ਤੋਂ ਇਲਾਵਾ ਲੋਹੇ ਦੇ ਕੰਟੇਨਰ ਅਤੇ ਸੀਮਿੰਟ ਦੀਆਂ ਭਾਰੀ ਸਲੈਬਾਂ ਵੀ ਲਿਆ ਕੇ ਰੱਖ ਦਿੱਤੀਆਂ ਹਨ। ਇਸ ਤੋਂ ਇਲਾਵਾ ਹਰਿਆਣਾ ਪੁਲੀਸ ਵੱਲੋਂ ਦਾਤਾ ਸਿੰਘ ਵਾਲਾ ਤੋਂ 11 ਕਿਲੋਮੀਟਰ ਅੱਗੇ ਉਜਾਣਾ ਨਹਿਰ ’ਤੇ ਵੀ ਬੈਰੀਕੇਡ ਲਗਾ ਦਿੱਤੇ ਹਨ। ਵਾਟਰ ਕੈਨਨ ਅਤੇ ਪੈਰਾਮਿਲਟਰੀ ਫੋਰਸ ਦਾ ਵੀ ਪ੍ਰਬੰਧ ਕਰ ਲਿਆ ਹੈ। ਖਨੌਰੀ ਨੇੜੇ ਹਰਿਆਣਾ ਬਾਰਡਰ ’ਤੇ ਦਿੱਲੀ ਨੂੰ ਜਾਂਦੇ ਕੌਮੀ ਹਾਈਵੇਅ ਨੂੰ ਵੀ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ। ਭਾਵ ਹਰਿਆਣਾ ਸਰਕਾਰ ਨੂੰ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕਣ ਲਈ ਪੂਰੇ ਪ੍ਰਬੰਧ ਕਰ ਲਏ ਹਨ। ਹਰਿਆਣਾ ਪੁਲੀਸ ਦੇ ਡੀ.ਜੀ.ਪੀ. ਵਲੋਂ ਖਨੌਰੀ ਨੇੜੇ ਪੰਜਾਬ-ਹਰਿਆਣਾ ਬਾਰਡਰ ਦਾ ਦੌਰਾ ਕਰਕੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਰਾਜ ਸਿੰਘ ਥੇੜੀ ਨੇ ਦਾਅਵਾ ਕੀਤਾ ਕਿ 13 ਫਰਵਰੀ ਨੂੰ ਕਿਸਾਨ ਹਰ ਹਾਲਤ ਵਿਚ ਦਿੱਲੀ ਪੁੱਜਣਗੇ। ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਲਈ ਕੀਤੇ ਪ੍ਰਬੰਧ ਨਾਕਾਮ ਸਾਬਤ ਹੋਣਗੇ ਅਤੇ ਬੈਰੀਕੇਡ, ਕੰਟੇਨਰ ਅਤੇ ਸੀਮਿੰਟ ਦੀਆਂ ਸਲੈਬਾਂ ਕਿਸਾਨਾਂ ਦੇ ਜੋਸ਼ ਅੱਗੇ ਕੁਝ ਵੀ ਨਹੀਂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਅਜੇ ਤੱਕ ਲਾਗੂ ਨਾ ਕਰਨ ਤੋਂ ਕਿਸਾਨ ਖਫ਼ਾ ਹਨ।

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਕਿਸਾਨਾਂ ਨੂੰ ਆਪਣੀਆਂ ਜਿਣਸਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਅਤੇ ਕੇਂਦਰ ਸਰਕਾਰ ਦੇ ਸਖਤ ਰਵੱਈਏ ਦੇ ਬਾਵਜੂਦ ਪੰਜਾਬ ਦੇ ਸੈਂਕੜੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਲਈ ਕਮਰ ਕੱਸ ਲਈ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਜਿੰਨੀਆਂ ਮਰਜ਼ੀ ਰੋਕਾਂ ਲਾ ਲਵੇ, ਉਹ ਦਿੱਲੀ ਜਾ ਕੇ ਹੀ ਰਹਿਣਗੇ। ਜਾਣਕਾਰੀ ਅਨੁਸਾਰ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਪਰ ਕਿਸਾਨਾਂ ਦੇ ਇਸ ਰੋਹ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਅੱਜ ਬਿਨਾਂ ਕਿਸੇ ਇਤਲਾਹ ਤੋਂ ਪਟਿਆਲਾ ਜ਼ਿਲ੍ਹੇ ਦੇ ਕਸਬਾ ਦੇਵੀਗੜ੍ਹ ਵਿੱਚੋਂ ਲੰਘਦੇ ਪਟਿਆਲਾ-ਪਿਹੋਵਾ ਰਾਜ ਮਾਰਗ ਨੂੰ ਵੀ ਹਰਿਆਣਾ ਬਾਰਡਰ ’ਤੇ ਟਾਂਗਰੀ ਨਦੀ ਦੇ ਪੁਲ ’ਤੇ ਪੱਥਰ ਦੇ ਬੈਰੀਕੇਡ ਲਗਾ ਕੇ ਮੁਕੰਮਲ ਬੰਦ ਕਰ ਦਿੱਤਾ ਹੈ। ਇਸ ਕਾਰਨ ਦੁੂਰੋਂ-ਦੂਰੋਂ ਆਉਂਦੇ ਮੁਸਾਫਰਾਂ ਨੂੰ ਇੱਥੇ ਆ ਕੇ ਭਾਰੀ ਮੁਸ਼ਕਲ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਰਾਜ ਮਾਰਗ ’ਤੇ ਪੱਥਰ ਦੀ ਭਾਰੀ ਬੈਰੀਕੇਡਿੰਗ ਦੇ ਨਾਲ ਨਾਲ ਮਿੱਟੀ ਦੇ ਭਰੇ ਟਿੱਪਰ, ਕੰਡਿਆਲੀ ਤਾਰ ਅਤੇ ਰੋਡ ਰੋਲਰ ਵੀ ਲਗਾਏ ਗਏ ਹਨ।

ਸਮਾਣਾ (ਸੁਭਾਸ਼ ਚੰਦਰ): ਕਿਸਾਨ ਜਥੇਬੰਦੀਆਂ ਦੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾ ਲਾਗੂ ਨਾ ਕਰਨ ਦੇ ਵਿਰੋਧ ਵਿੱਚ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕਰਨ ਦੇ ਐਲਾਨ ਤੋਂ ਹਰਕਤ ’ਚ ਆਏ ਹਰਿਆਣਾ ਪੁਲੀਸ ਨੇ ਪੰਜਾਬ-ਹਰਿਆਣਾ ਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਪ੍ਰਸ਼ਾਸਨ ਨੇ ਕੈਥਲ-ਪਟਿਆਲਾ ਸੜਕ ’ਤੇ ਪਿੰਡ ਟਟਿਆਣਾ ਨੇੜੇ ਬੈਰੀਕੇਡ ਲਗਾ ਦਿੱਤੇ ਹਨ। ਪ੍ਰਸ਼ਾਸਨ ਨੇ ਟਰੈਫਿਕ ਨੂੰ ਬਦਲਵੇਂ ਰਸਤਿਆਂ ਰਾਹੀ ਚਾਲੂ ਕਰਕੇ ਕਿਸਾਨਾਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨ ਆਗੂ ਨਿਸ਼ਾਨ ਸਿੰਘ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਜਗ੍ਹਾ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰੇ। ਇਸ ਸਬੰਧੀ ਗੂਹਲਾ (ਹਰਿਆਣਾ) ਦੇ ਡੀ.ਐੱਸ.ਪੀ. ਕੁਲਦੀਪ ਬੈਨੀਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੈਥਲ ’ਚ ਧਾਰਾ 144 ਲਗਾ ਕੇ ਕਿਸਾਨਾਂ ਨੂੰ ਅੰਦੋਲਨ ’ਚ ਜਾਣ ਤੋਂ ਰੋਕਣ ਲਈ ਹਾਂਸੀ ਬੁਟਾਨਾ ਨਹਿਰ ਦਾ ਪੁਲ ਪੂਰੀ ਤਰ੍ਹਾਂ ਬੰਦ ਕਰ ਕੇ ਚੀਕੇ ਵੱਲੋਂ ਪਟਿਆਲਾ ਜਾਣ ਲਈ ਪਿੰਡ ਬੋਪੁਰ, ਅਰਨੋਲੀ ਰਾਹੀ ਅਤੇ ਸਮਾਣਾ ਜਾਣ ਲਈ ਪਿੰਡ ਦਾਬਾ-ਚਾਬਾ ਤੇ ਅਜੀਮਗੜ੍ਹ ਰਸਤੇ ਤੋਂ ਆਉਣ ਜਾਣ ਦਾ ਰੂਟ ਬਦਲਿਆ ਗਿਆ ਹੈ।

ਵਾਹਨ ਚਾਲਕਾਂ ਲਈ ਬਦਲਵੇਂ ਰੂਟ ਦੀ ਵਿਵਸਥਾ ਕੀਤੀ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਕਿਸਾਨਾਂ ਦੇ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਰਾਜਪੁਰਾ ਪੁਲੀਸ ਵੱਲੋਂ ਅੰਬਾਲ਼ਾ ਜਾਣ ਵਾਲ਼ੇ ਰਸਤੇ ਨੂੰ ਬੈਰੀਕੇਡ ਅਤੇ ਕਰੇਨਾਂ ਲਗਾ ਕੇ ਬੰਦ ਕਰ ਦਿੱਤਾ ਹੈ। ਟਰੈਫਿਕ ਪੁਲੀਸ ਦੇ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਪਟਿਆਲ਼ਾ ਤੋਂ ਅੰਬਾਲ਼ਾ ਅਤੇ ਸਰਹਿੰਦ ਤੋਂ ਅੰਬਾਲ਼ਾ ਜਾਣ ਵਾਲ਼ੇ ਵਾਹਨ ਚਾਲਕਾਂ ਲਈ ਬਦਲਵੇਂ ਰੂਟ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨ ਚਾਲਕਾਂ ਨੂੰ ਵਾਇਆ ਬਨੂੜ, ਡੇਰਾਬਸੀ, ਨਾਢਾ ਸਾਹਿਬ ਅਤੇ ਸਹਿਜ਼ਾਦਪੁਰ ਤੋਂ ਅੰਬਾਲ਼ਾ ਭੇਜਿਆ ਜਾ ਰਿਹਾ ਹੈ। ਇਸ ਮੌਕੇ ਰਾਜਪੁਰਾ ਦੇ ਮੁੱਖ ਗਗਨ ਚੌਕ ਜਿੱਥੇ ਕਿ ਅੰਬਾਲ਼ਾ, ਸਰਹਿੰਦ, ਪਟਿਆਲ਼ਾ ਅਤੇ ਚੰਡੀਗੜ੍ਹ-ਮੁਹਾਲੀ ਲਈ ਸੰਪਰਕ ਮਾਰਗ ਹਨ, ’ਤੇ ਅੱਜ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।

LEAVE A REPLY

Please enter your comment!
Please enter your name here