ਚੰਡੀਗੜ੍ਹ (ਟਨਸ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਸੰਗਠਨਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਇਸ ਸਮੇਂ ਪੂਰਾ ਦੇਸ਼ ਅਤੇ ਭਾਰਤ ਸਰਕਾਰ ਉਨ੍ਹਾਂ ਦੇ ਨਾਲ ਹੈ ਪਰ ਉਨ੍ਹਾਂ ਨੂੰ ਵਰਤ ਕੇ ਕੋਈ ਪੰਜਾਬ ਤੇ ਕਿਸਾਨਾਂ ਦਾ ਨੁਕਸਾਨ ਨਾ ਕਰਵਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ ਤੇ ਭਾਰਤ ਸਰਕਾਰ ਇਸ ਸਬੰਧੀ ਸੁਹਿਰਦ ਯਤਨ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਚੱਲ ਰਹੀ ਗੱਲਬਾਤ ਰਾਹੀਂ ਮਸਲੇ ਦਾ ਹੱਲ ਨਿਕਲ ਆਵੇਗਾ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਮਸਲੇ ਦੀ ਨਾਜ਼ੁਕਤਾ ਨੂੰ ਸਮਝਣ। ਕਿਤੇ ਅਜਿਹਾ ਨਾ ਹੋਵੇ ਕਿ ਦੇਸ਼ ਭਰ ਵਿੱਚ ਜੋ ਕਿਸਾਨ ਨਾਲ ਅੱਜ ਹਮਦਰਦੀ ਦੀ ਭਾਵਨਾ ਹੈ, ਉਸ ਨੂੰ ਸੱਟ ਵੱਜੇ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਸਿਆਸੀ ਲਾਹਾ ਲੈਣ ਲਈ ਵਰਤਿਆਂ ਜਾ ਰਿਹਾ ਹੈ ਜਿਸ ਬਾਰੇ ਕਿਸਾਨਾਂ ਨੂੰ ਮੰਥਨ ਕਰਨਾ ਚਾਹੀਦਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਅੰਦੋਲਨ ਨੂੰ ਕਿਸੇ ਧਰਮ ਜਾਂ ਸੂੁਬੇ ਨਾਲ ਜੋੜਨਾ ਠੀਕ ਨਹੀਂ ਹੈ। ਇਸ ਮੌਕੇ ਭਾਵੁਕਤਾ ਦੀ ਥਾਂ ਜ਼ਿੰਮੇਵਾਰੀ ਵਾਲਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਜਲਦ ਹੀ ਇਸ ਮਸਲੇ ਨੂੰ ਹੱਲ ਕਰ ਲਵੇਗੀ।

LEAVE A REPLY

Please enter your comment!
Please enter your name here