ਮਹਿੰਦਰ ਸਿੰਘ ਰੱਤੀਆਂ

ਮੋਗਾ, 18 ਫਰਵਰੀ

ਇੱਕ ਪਾਸੇ ਕਿਸਾਨ ਦਿੱਲੀ ਕੂਚ ਲਈ ਸੂਬੇ ਦੇ ਬਾਰਡਰਾਂ ’ਤੇ ਡਟੇ ਹੋਏ ਹਨ ਤਾਂ ਦੂਜੇ ਪਾਸੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸੂਬੇ ’ਚ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਜਥੇਬੰਦੀ ਨੇ 24 ਫ਼ਰਵਰੀ ਦਾ ਚੰਡੀਗੜ੍ਹ ਵਿੱਚ ਧਰਨਾ ਰੱਦ ਕਰਕੇ 22 ਫ਼ਰਵਰੀ ਤੱਕ ਟੌਲ ਪਰਚੀ ਮੁਕਤ ਕਰਨ ਅਤੇ 20 ਤੋਂ 22 ਫ਼ਰਵਰੀ ਤੱਕ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਬੀਕੇਯੂ ਏਕਤਾ ਉਗਰਾਹਾਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਦਾਸ ਸਿੰਘ ਸੇਖਾ, ਗੁਰਦੇਵ ਸਿੰਘ ਕਿਸ਼ਨਪੁਰਾ ਤੇ ਹੋਰ ਕਿਸਾਨਾਂ ਦੀ ਅਗਵਾਈ ਹੇਠ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਸਥਿਤ ਪਿੰਡ ਦਾਰਾਪੁਰ ਵਿੱਚ ਟੌਲ ਪਲਾਜ਼ੇ ’ਤੇ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ।

ਇਸ ਮੌਕੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਦਿੱਲੀ ਵੱਲ ਮਾਰਚ ਕਰਨ ਲਈ ਨਿਕਲੇ ਕਿਸਾਨਾਂ ਨੂੰ ਹਰਿਆਣਾ ਪੁਲੀਸ ਨੇ ਪਿਛਲੇ 6 ਦਿਨਾਂ ਤੋਂ ਸ਼ੰਭੂ ਬਾਰਡਰ ’ਤੇ ਰੋਕਿਆ ਹੋਇਆ ਹੈ। ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਪੱਥਰ ਮਾਰੇ ਜਾ ਰਹੇ ਹਨ ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀ ਕਈ ਵਾਰ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਮੱਦੇਨਜਰ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਹੋਰ ਵਧਾਉਣ ਦਾ ਫੈਸਲਾ ਲਿਆ ਹੈ।

ਬਠਿੰਡਾ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਰਕਰਾਂ ਵੱਲੋਂ ਅੱਜ ਦੂਜੇ ਦਿਨ ਵੀ ਟੌਲ ਪਲਾਜ਼ਿਆਂ ’ਤੇ ਧਰਨੇ ਦੇ ਕੇ ਪਰਚੀ ਮੁਕਤ ਰੱਖੇ ਗਏ। ਜਥੇਬੰਦੀ ਦੇ ਦੋ ਰੋਜ਼ਾ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਵਿਚਲੇ ਬੱਲੂਆਣਾ, ਜੀਦਾ, ਲਹਿਰਾਬੇਗਾ ਅਤੇ ਸ਼ੇਖਪੁਰਾ ਟੋਲ ਪਲਾਜ਼ੇ ਬੰਦ ਰਹੇ। ਉਗਰਾਹਾਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ ਅਤੇ ਹਰਿੰਦਰ ਕੌਰ ਬਿੰਦੂ ਨੇ ਭਾਜਪਾ ਦੀਆਂ ਕੇਂਦਰ ਤੇ ਹਰਿਆਣਾ ਸਰਕਾਰਾਂ ’ਤੇ ਹੱਕ ਮੰਗਦੇ ਕਿਸਾਨਾਂ ’ਤੇ ਜ਼ੁਲਮ ਢਾਹੁਣ ਦਾ ਦੋਸ਼ ਲਾਇਆ।

ਲੰਬੀ (ਇਕਬਾਲ ਸਿੰਘ ਸ਼ਾਂਤ): ਭਾਕਿਯੂ (ਏਕਤਾ) ਉਗਰਾਹਾਂ ਬਲਾਕ ਲੰਬੀ ਵੱਲੋਂ ਸੂਬਾਈ ਸੱਦੇ ’ਤੇ ਪਿੰਡ ਮਾਹੁਆਣਾ ਨੇੜਲੇ ਅਬੁੱਲਖੁਰਾਣਾ ਟੌਲ ਪਲਾਜ਼ਾ ਨੂੰ ਅੱਜ ਦੂਸਰੇ ਦਿਨ ਵੀ ਪਰਚੀ ਮੁਕਤ ਰੱਖਿਆ ਗਿਆ। ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਮਨਹੋਰ ਸਿੰਘ ਸਿੱਖਵਾਲਾ, ਗੁਰਤੇਜ ਖੁੱਡੀਆਂ, ਜਗਦੀਪ ਖੁੱਡੀਆਂ, ਗੁਰਦੇਵ ਰੋੜਾਂਵਾਲੀ, ਦਵਿੰਦਰ ਮਾਨਾ, ਇੰਦਰਜੀਤ ਸਿੰਘ ਪੰਜਾਵਾ ਨੇ ਕਿਹਾ ਕਿ ਸਰਕਾਰ ਮੰਗਾਂ ਲਾਗੂ ਕਰਨ ਦੀ ਬਜਾਇ ਟਾਲ-ਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਜਾਰੀ ਰੱਖਣ ਦਾ ਐਲਾਨ

ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਅਤੇ ਰਾਮਪੁਰਾ ਦੇ ਕਿਸਾਨਾਂ ਵੱਲੋਂ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਸਥਿਤ ਲਹਿਰਾ ਬੇਗਾ ਟੌਲ ਪਲਾਜ਼ਾ ਨੂੰ ਅੱਜ ਦੂਜੇ ਦਿਨ ਵੀ ਪਰਚੀ ਮੁਕਤ ਰੱਖਿਆ ਗਿਆ। ਇਸ ਮੌਕੇ ਸੂਬਾਈ ਸਕੱਤਰ ਅਤੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 17 ਫ਼ਰਵਰੀ ਤੋਂ ਪੰਜਾਬ ਵਿੱਚ ਭਾਜਪਾ ਦੇ ਤਿੰਨ ਵੱਡੇ ਆਗੂਆਂ ਸੂਬਾਈ ਪ੍ਰਧਾਨ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਅਤੇ ਪੰਜਾਬ ਦੇ ਟੌਲ ਮੁਕਤ ਕੀਤੇ ਟੌਲ ਪਲਾਜ਼ਿਆਂ ’ਤੇ ਦਿਨ ਰਾਤ ਧਰਨੇ ਜਾਰੀ ਰਹਿਣਗੇ। ਉਨ੍ਹਾਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਅਤੇ ਸੰਘਰਸ਼ੀ ਲੋਕਾਂ ਨੂੰ ਕਿਹਾ ਕਿ ਉਹ ਇਸੇ ਤਰ੍ਹਾਂ ਡਟੇ ਰਹਿਣ। ਉਹ ਮੋਢੇ ਨਾਲ ਮੋਢਾ ਲਾ ਕੇ ਤਾਲਮੇਲਵਾਂ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਸੰਘਰਸ਼ਸ਼ੀਲ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇਨ੍ਹਾਂ ਮੋਰਚਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਇਸ ਮੌਕੇ ਬਲਾਕ ਰਾਮਪੁਰਾ ਤੋਂ ਸੁਖਦੇਵ ਸਿੰਘ ਜਵੰਦਾ, ਮਾਸਟਰ ਨਛੱਤਰ ਸਿੰਘ, ਮਾਸਟਰ ਬਾਬੂ ਸਿੰਘ, ਬਲਦੇਵ ਸਿੰਘ ਚਾਉਕੇ ਅਤੇ ਬਲਾਕ ਨਥਾਣਾ ਤੋਂ ਬਲਜੀਤ ਸਿੰਘ ਪੂਹਲਾ, ਕਰਮਜੀਤ ਕੌਰ ਲਹਿਰਾ, ਸੁਖਜੀਤ ਕੌਰ ਚੱਕ, ਬਚਿੱਤਰ ਸਿੰਘ ਬੇਗਾ ਅਤੇ ਬਲਤੇਜ ਸਿੰਘ ਚੱਕ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਪਵਨ ਕੁਮਾਰ ਕੋਟੜਾ ਵੱਲੋਂ ਚਲਾਈ ਗਈ। ਧਰਨੇ ਵਿੱਚ ਸ਼ਾਮਲ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਲੋਕ ਮੋਰਚੇ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ

ਬਠਿੰਡਾ/ਮਲੋਟ (ਨਿੱਜੀ ਪੱਤਰ ਪ੍ਰੇਰਕ): ਲੋਕ ਮੋਰਚਾ ਪੰਜਾਬ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨਾਂ ਨੂੰ ਰੋਕਣ ਲਈ ਹਕੂਮਤ ਵੱਲੋਂ ਵਰਤੇ ਜਾ ਰਹੇ ਹੱਥਕੰਡਿਆਂ ਦੀ ਨਿਖੇਧੀ ਕੀਤੀ ਹੈ। ਪ੍ਰੈਸ ਬਿਆਨ ਰਾਹੀਂ ਜਥੇਬੰਦੀ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ, ਏਪੀਐਮਸੀ ਐਕਟ ਵਿੱਚ ਸੋਧਾਂ ਦੀ ਵਾਪਸੀ, ਫ਼ਸਲਾਂ ਦੇ ਮੰਡੀਕਰਨ ਲਈ ਢਾਂਚੇ ਦੀ ਮਜ਼ਬੂਤੀ, ਜਨਤਕ ਵੰਡ ਪ੍ਰਣਾਲੀ ਦੀ ਮਜ਼ਬੂਤੀ, ਬਿਜਲੀ ਐਕਟ 2020 ਅਤੇ ਪ੍ਰਦੂਸ਼ਣ ਕੰਟਰੋਲ ਐਕਟ ਦੀ ਵਾਪਸੀ ਸਮੇਤ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਮੁਆਵਜ਼ਾ, ਕਿਸਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਆਦਿ ਦਿੱਲੀ ਕਿਸਾਨ ਅੰਦੋਲਨ ਦੀਆਂ ਮੰਗਾਂ ਫੌਰੀ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਖੇਤੀ ਖੇਤਰ ਵਿੱਚ ਸਾਮਰਾਜ ਪੱਖੀ ਸੁਧਾਰਾਂ ਲਈ ਜ਼ਿੰਮੇਵਾਰ ਵਿਸ਼ਵ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਆਉਣਾ ਚਾਹੀਦਾ ਹੈ ਅਤੇ ਸਾਮਰਾਜੀਆਂ ਨੂੰ ਲੁਟਾਏ ਜਾਂਦੇ ਕੌਮੀ ਖਜ਼ਾਨੇ ਨੂੰ ਖੇਤੀ ਖੇਤਰ ਦੀ ਉੱਨਤੀ ਵੱਲ ਸੇਧਿਤ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here