ਗੁਰਨਾਮ ਸਿੰਘ ਅਕੀਦਾ/ਏਜੰਸੀ

ਪਟਿਆਲਾ, 11 ਮਾਰਚ

ਪਹਿਲਵਾਨ ਵਿਨੇਸ਼ ਫੋਗਾਟ ਨੇ ਅੱਜ ਇੱਥੇ ਟਰਾਇਲ ਦੌਰਾਨ ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਵਿੱਚ ਜਿੱਤ ਹਾਸਲ ਕਰਕੇ ਕਿਰਗਿਜ਼ਸਤਾਨ ’ਚ ਏਸ਼ਿਆਈ ਚੈਂਪੀਅਨਸ਼ਿਪ ਅਤੇ ਓਲੰਪਿਕ ਕੁਆਲੀਫਾਇਰ ’ਚ ਜਗ੍ਹਾ ਪੱਕੀ ਕਰ ਲਈ ਹੈ। ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ 11 ਤੋਂ 16 ਅਪਰੈਲ ਤੱਕ, ਜਦਕਿ ਓਲੰਪਿਕ ਕੁਆਲੀਫਾਇਰ 19 ਤੋਂ 21 ਅਪਰੈਲ ਤੱਕ ਹੋਣਗੇ। ਵਿਨੇਸ਼ ਨੇ ਟਰਾਇਲ ਦੌਰਾਨ ਸ਼ਿਵਾਨੀ ਨੂੰ ਹਰਾ ਕੇ ਪੈਰਿਸ ਓਲੰਪਿਕ ਖੇਡਣ ਦੀ ਉਮੀਦ ਕਾਇਮ ਰੱਖੀ ਹੈ।

ਇਸ ਤੋਂ ਪਹਿਲਾਂ ਇੱਥੋਂ ਦੇ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਵਿੱਚ ਚੱਲ ਰਹੇ ਰਾਸ਼ਟਰੀ ਮਹਿਲਾ ਕੁਸ਼ਤੀ ਟਰਾਇਲਾਂ ਦੌਰਾਨ ਤਿੰਨ ਘੰਟੇ ਤੱਕ ਰੌਲਾ ਰੱਪਾ ਪਿਆ। ਵਿਨੇਸ਼ ਫੋਗਾਟ ਨੇ ਔਰਤਾਂ ਦੇ 50 ਕਿਲੋਗ੍ਰਾਮ ਅਤੇ 53 ਕਿਲੋਗ੍ਰਾਮ ਭਾਰ ਵਰਗ ਦੇ ਟਰਾਇਲ ਸ਼ੁਰੂ ਨਾ ਹੋਣ ਦਿੱਤੇ। ਵਿਨੇਸ਼ ਨੂੰ ਇਨ੍ਹਾਂ ਦੋਵਾਂ ਭਾਰ ਵਰਗਾਂ ਵਿੱਚ ਹਿੱਸਾ ਲੈਣ ਦੇਣ ਦਾ ਭਰੋਸਾ ਮਿਲਣ ਮਗਰੋਂ ਟਰਾਇਲ ਦੁਪਹਿਰ ਡੇਢ ਵਜੇ ਸ਼ੁਰੂ ਹੋਏ।

ਵਿਨੇਸ਼ ਫੋਗਾਟ ਓਲੰਪਿਕ ਤੋਂ ਠੀਕ ਪਹਿਲਾਂ 53 ਕਿਲੋਗ੍ਰਾਮ ਭਾਰ ਵਰਗ ਦੇ ਆਖ਼ਰੀ ਟਰਾਇਲ ਦੁਬਾਰਾ ਕਰਵਾਉਣ ਜਾਂ ਦੋਵਾਂ ਭਾਰ ਵਰਗਾਂ ’ਚ ਲੜਨ ਦੀ ਇਜਾਜ਼ਤ ਦੇਣ ਲਈ ਅਧਿਕਾਰੀਆਂ ਤੋਂ ਲਿਖਤੀ ਭਰੋਸੇ ਦੀ ਮੰਗ ਕਰ ਰਹੀ ਸੀ। ਟਰਾਇਲ ਦੁਬਾਰਾ ਰੱਖਣ ਦਾ ਕਾਰਨ ਵਿਨੇਸ਼ ਨੇ ਦੱਸਿਆ ਕਿ ਜੇਕਰ ਡਬਲਿਊਐੱਫਆਈ ਦੁਬਾਰਾ ਕਮਾਨ ਸੰਭਾਲਦਾ ਹੈ ਤਾਂ ਚੋਣ ਨੀਤੀ ਬਦਲ ਸਕਦੀ ਹੈ। ਬਾਅਦ ਵਿਚ ਐਡਹਾਕ ਕਮੇਟੀ ਨੇ ਉਸ ਨੂੰ ਦੋਵੇਂ ਵਰਗਾਂ ਵਿਚ ਲੜਨ ਦੀ ਇਜਾਜ਼ਤ ਦੇ ਦਿੱਤੀ।

LEAVE A REPLY

Please enter your comment!
Please enter your name here