ਵੈਨਕੂਵਰ, 30 ਅਪਰੈਲ

ਸਰੀ ਨਾਲ ਲੱਗਦੇ ਵਾਈਟ ਰੌਕ ਬੀਚ ’ਤੇ ਲੰਘੇ ਹਫਤੇ ਘੁੰਮਣ ਗਏ ਲੋਕਾਂ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਵਾਲੇ 28 ਸਾਲਾ ਨੌਜਵਾਨ ਨੂੰ ਪੁਲੀਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪਰ ਪੁਲੀਸ ਨੇ ਉਸ ਦੀ ਪਛਾਣ ਨਹੀਂ ਦੱਸੀ। ਪਤੀ ਪਤਨੀ ਜਤਿੰਦਰ ਸਿੰਘ ਤੇ ਮਨਪ੍ਰੀਤ ਕੌਰ ਸੈਲਾਨੀ ਵੀਜ਼ੇ ’ਤੇ ਕੈਨੇਡਾ ਆਏ ਸਨ ਜਿਨ੍ਹਾਂ ਵਿਚੋਂ ਜਤਿੰਦਰ ’ਤੇ ਮੁਲਜ਼ਮ ਨੇ 21 ਅਪਰੈਲ ਨੂੰ ਛੁਰੇ ਨਾਲ ਵਾਰ ਕੀਤੇ। ਇਸ ਹਮਲੇ ਵਿਚ ਜਤਿੰਦਰ ਸਿੰਘ ਦੀ ਜਾਨ ਤਾਂ ਬਚ ਗਈ ਪਰ ਉਹ ਹਾਲੇ ਇਲਾਜ ਅਧੀਨ ਹੈ। ਇਸ ਹੁਲੀਏ ਵਾਲੇ ਵਿਅਕਤੀ ਨੇ 23 ਅਪਰੈਲ ਨੂੰ ਮੁੜ ਉਸ ਥਾਂ ’ਤੇ ਘੁੰਮਦੇ ਹੋਏ ਕੁਲਵਿੰਦਰ ਸਿੰਘ ਸੋਹੀ (28) ’ਤੇ ਹਮਲਾ ਕੀਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੀ ਘਟਨਾ ਤੋਂ ਬਾਅਦ ਪੁਲੀਸ ਦੀ ਕਿਰਕਿਰੀ ਹੋਣ ਲੱਗ ਪਈ ਸੀ। ਹੱਤਿਆਵਾਂ ਦੀ ਜਾਂਚ ਕਰਦੇ ਸੰਗਠਿਤ ਟੀਮ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਾਇਰੋਟੀ ਅਨੁਸਾਰ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਉਹ ਦੋਵੇਂ ਘਟਨਾਵਾਂ ਵਿਚ ਸ਼ਾਮਲ ਸੀ ਕਿ ਨਹੀਂ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸੋਹੀ ਦੀ ਹੱਤਿਆ ਕਾਰਨ ਸਹਿਮ ਪੈਦਾ ਹੋ ਗਿਆ ਸੀ ਜੋ ਪੁਲੀਸ ਲਈ ਚੁਣੌਤੀ ਬਣ ਗਿਆ ਸੀ ਤੇ ਪੁਲੀਸ ਟੀਮਾਂ ਨੇ ਇਸ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ। ਇਹ ਪਤਾ ਲੱਗਿਆ ਹੈ ਕਿ ਕਤਲ ਕਰਨ ਵਾਲਾ ਸਿਆਹਫਾਮ ਹੋ ਸਕਦਾ ਹੈ ਤੇ ਪੁਲੀਸ ਨੇ ਫਿਰਕੂ ਨਫਰਤ ਦੇ ਖਦਸ਼ੇ ਨੂੰ ਧਿਆਨ ਵਿਚ ਰੱਖ ਕੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ।

 

LEAVE A REPLY

Please enter your comment!
Please enter your name here