ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 13 ਅਪਰੈਲ

ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਇਕ ਜਥਾ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਇਆ ਜਿਸ ਨੂੰ ਸਿੱਖ ਸੰਸਥਾ ਦੇ ਸਕੱਤਰ ਪ੍ਰਤਾਪ ਸਿੰਘ ਨੇ ਰਵਾਨਾ ਕੀਤਾ।

ਖਾਲਸਾ ਸਾਜਨਾ ਦਿਵਸ ਸਬੰਧੀ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਵੇਗਾ ਜਿਸ ਵਿੱਚ ਸ਼ਾਮਲ ਹੋਣ ਵਾਸਤੇ ਪਾਕਿਸਤਾਨ ਦੂਤਾਵਾਸ ਵੱਲੋਂ ਲਗਪਗ 2300 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ। ਦੂਤਾਵਾਸ ਵੱਲੋਂ ਸ਼੍ਰੋਮਣੀ ਕਮੇਟੀ ਦੇ 596 ਸ਼ਰਧਾਲੂਆਂ ਦੇ ਵੀਜ਼ੇ ਕੱਟ ਦਿਤੇ ਗਏ ਸਨ ਜਿਸ ਕਾਰਨ ਅੱਜ ਸ਼੍ਰੋਮਣੀ ਕਮੇਟੀ ਵੱਲੋਂ 929 ਸਿੱਖ ਸ਼ਰਧਾਲੂਆਂ ਦਾ ਜਥਾ ਖਾਲਸਈ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਗੀ ਸਮੇਂ ਜਥੇ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਅਮਰਜੀਤ ਸਿੰਘ ਭਲਾਈਪੁਰ, ਰਾਵਿੰਦਰ ਸਿੰਘ ਖਾਲਸਾ ਤੇ ਜਨਰਲ ਪ੍ਰਬੰਧਕ ਵਜੋਂ ਗਏ ਸ਼੍ਰੋਮਣੀ ਕਮੇਟੀ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ ਤੇ ਰਣਜੀਤ ਸਿੰਘ ਭੋਮਾ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੇ ਅਧਿਕਾਰੀਆਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੁੱਖ ਸਮਾਗਮ ਵਿੱਚ ਸ਼ਮੂਲੀਅਤ ਕਰ ਕੇ 15 ਅਪਰੈਲ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ ਜਿੱਥੋਂ 17 ਅਪਰੈਲ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਦੇ ਦਰਸ਼ਨ ਕਰੇਗਾ। 18 ਅਪਰੈਲ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ, 20 ਅਪਰੈਲ ਨੂੰ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਦਰਸ਼ਨ ਕਰ ਕੇ ਜਥਾ ਲਾਹੌਰ ਪੁੱਜੇਗਾ। 21 ਅਪਰੈਲ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਰੁਕਣ ਉਪਰੰਤ 22 ਅਪਰੈਲ ਨੂੰ ਇਹ ਜਥਾ ਭਾਰਤ ਪਰਤੇਗਾ।

ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਪੁੱਜਣ ’ਤੇ ਨਿੱਘਾ ਸਵਾਗਤ

ਪਾਕਿਸਤਾਨ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਹੋਰ ਵਾਹਗਾ ਸਰਹੱਦ ’ਤੇ ਸਿੱਖ ਸ਼ਰਧਾਲੂਆਂ ਦਾ ਸਵਾਗਤ ਕਰਦੇ ਹੋਏ।

ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਸਿੱਖ ਸ਼ਰਧਾਲੂਆਂ ਦੇ ਜਥੇ ਦਾ ਪਾਕਿਸਤਾਨ ਪੁੱਜਣ ’ਤੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਬਿਲਾਲ ਅਕਬਰ ਖਾਨ ਵੱਲੋਂ ਸਵਾਗਤ ਕੀਤਾ ਗਿਆ। ਸਿੱਖ ਸ਼ਰਧਾਲੂਆਂ ਦਾ ਵੱਡਾ ਜੱਥਾ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਹੋਇਆ ਜੋ ਗੁਰਦੁਆਰਾ ਪੰਜਾ ਸਾਹਿਬ ਵਿਖੇ ਭਲਕੇ 14 ਅਪਰੈਲ ਨੂੰ ਖਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ ਵਿੱਚ ਸ਼ਾਮਿਲ ਹੋਵੇਗਾ। ਮਿਲੇ ਵੇਰਵਿਆਂ ਮੁਤਾਬਕ ਅਟਾਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਵਾਲੇ ਪਾਸੇ ਵਾਹਗਾ ਸਰਹੱਦ ਵਿਖੇ ਪੁੱਜਣ ’ਤੇ ਸ਼ਰਧਾਲੂਆਂ ਨੂੰ ਪਾਕਿਸਤਾਨੀ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਬਿਲਾਲ ਅਕਬਰ ਖਾਨ ਤੇ ਹੋਰ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਉਨ੍ਹਾਂ ਜਥੇ ਦੇ ਆਗੂ ਕੁਲਵੰਤ ਸਿੰਘ ਮੰਨਣ ਤੇ ਹੋਰਨਾਂ ਦਾ ਵੀ ਸਵਾਗਤ ਕੀਤਾ। ਸਰਹੱਦ ’ਤੇ ਸ਼ਰਧਾਲੂਆਂ ਲਈ ਲੰਗਰ ਅਤੇ ਹੋਰ ਪ੍ਰਬੰਧ ਕੀਤੇ ਗਏ ਸਨ। ਸ਼ਰਧਾਲੂ ਇਸ ਤੋਂ ਬਾਅਦ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਲਈ ਰਵਾਨਾ ਹੋ ਗਏ।

LEAVE A REPLY

Please enter your comment!
Please enter your name here