ਪੱਤਰ ਪ੍ਰੇਰਕ

ਰਾਜਪੁਰਾ, 4 ਮਈ

ਕਾਂਗਰਸ ਹਾਈ ਕਮਾਂਡ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਡਾ. ਗਾਂਧੀ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੇ ਐਲਾਨ ਨਾਲ ਹੁਣ ਟਿਕਟ ਦੀ ਲੜਾਈ ਖ਼ਤਮ ਹੋ ਗਈ। ਇੱਥੇ ਕੰਬੋਜ ਦੀ ਰਿਹਾਇਸ਼ ਉੱਤੇ ਕੀਤੇ ਵਰਕਰਾਂ ਦੇ ਇਕੱਠ ਵਿੱਚ ਡਾ. ਗਾਂਧੀ ਲਗਭਗ ਡੇਢ ਘੰਟਾ ਪਛੜ ਕੇ ਪਹੁੰਚੇ। ਉਨ੍ਹਾਂ ਦਾ ਪੰਡਾਲ ਵਿੱਚ ਪਹੁੰਚਣ ’ਤੇ ਕੰਬੋਜ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਡਾ. ਗਾਂਧੀ ਨਾਲ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੰਬੋਜ ਨੇ ਆਪਣੇ ਵਿਧਾਇਕ ਸਮੇਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਡਾ. ਗਾਂਧੀ ਨੂੰ ਚਾਪਲੂਸ ਲੋਕਾਂ ਤੋਂ ਬਚ ਕੇ ਰਹਿਣ ਦੀ ਨਸੀਹਤ ਦਿੱਤੀ। ਇਸ ਮੌਕੇ ਡਾ. ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਕੇਂਦਰ ਸਰਕਾਰ ਤੇ ਵੱਡੇ ਘਰਾਣਿਆਂ ਨਾਲ ਹੈ। ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਜਾਵੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਸਾਬਕਾ ਵਾਈਸ ਪ੍ਰਧਾਨ ਅਮਨਦੀਪ ਸਿੰਘ ਨਾਗੀ,ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਸੋਨੀ,ਬੀਬੀ ਰੁਪਿੰਦਰ ਕੌਰ ਕੰਗ,ਕੌਂਸਲਰ ਡਿੰਪੀ ਰਾਣਾ,ਵਿਨੈ ਨਿਰੰਕਾਰੀ, ਗਿਆਨ ਚੰਦ ਸ਼ਰਮਾ ਤੇ ਜਗਨੰਦਨ ਗੁਪਤਾ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਤੇ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here