ਅਹਿਮਦਾਬਾਦ, 17 ਮਾਰਚ

ਅਹਿਮਦਾਬਾਦ ਵਿੱਚ ਕੁੱਝ ਵਿਅਕਤੀਆਂ ਦੇ ਇੱਕ ਗੁੱਟ ਨੇ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ਦੀ ਇਮਾਰਤ ਵਿੱਚ ਨਮਾਜ਼ ਅਦਾ ਕਰਨ ਦੌਰਾਨ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨਾਲ ਕਥਿਤ ਕੁੱਟਮਾਰ ਕੀਤੀ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਅੱਜ ਦੱਸਿਆ ਕਿ ਸ਼ਨਿੱਚਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਮਗਰੋਂ ਸ੍ਰੀਲੰਕਾ ਅਤੇ ਤਾਜਿਕਸਤਾਨ ਦੇ ਇੱਕ-ਇੱਕ ਵਿਦਿਆਰਥੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਕਮਿਸ਼ਨਰ ਜੀ.ਐਸ. ਮਲਿਕ ਨੇ ਕਿਹਾ ਕਿ 20 ਤੋਂ 25 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਘਟਨਾ ਦੀ ਜਾਂਚ ਲਈ ਸੁਰੱਖਿਆ ਕਰਮਚਾਰੀਆਂ ਦੀਆਂ ਨੌਂ ਟੀਮਾਂ ਬਣਾਈਆਂ ਗਈਆਂ ਹਨ। ਮਲਿਕ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਰਾਤ ਲਗਪਗ 10.50 ਵਜੇ ਮਿਲੀ। ਲਗਪਗ 20-25 ਲੋਕ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ਵਿੱਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਅਫਗਾਨਿਸਤਾਨ, ਉਜ਼ਬੇਕਿਸਤਾਨ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੇ ਹੋਸਟਲ ਵਿੱਚ ਨਮਾਜ਼ ਅਦਾ ਕਰਨ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਦੱਸਿਆ ਕਿ ਗੁਜਰਾਤ ਯੂਨੀਵਰਸਿਟੀ ਵਿੱਚ ਅਫਗਾਨਿਸਤਾਨ, ਤਾਜਿਕਸਤਾਨ, ਸ੍ਰੀਲੰਕਾ ਅਤੇ ਅਫਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਸਮੇਤ 300 ਦੇ ਕਰੀਬ ਵਿਦੇਸ਼ੀ ਵਿਦਿਆਰਥੀ ਰਜਿਸਟਰਡ ਹਨ। ਯੂਨੀਵਰਸਿਟੀ ਦੇ ਏ-ਬਲਾਕ ਹੋਸਟਲ ਵਿਚ ਜਿੱਥੇ ਇਹ ਘਟਨਾ ਵਾਪਰੀ, ਉਸ ਵਿਚ ਲਗਪਗ 75 ਵਿਦੇਸ਼ੀ ਵਿਦਿਆਰਥੀ ਰਹਿੰਦੇ ਹਨ। -ਪੀਟੀਆਈ

LEAVE A REPLY

Please enter your comment!
Please enter your name here