ਕੇਪੀ ਸਿੰਘ

ਗੁਰਦਾਸਪੁਰ, 15 ਅਪਰੈਲ

ਜ਼ਿਲ੍ਹੇ ਦੇ ਇਤਿਹਾਸਕ ਪੰਡੋਰੀ ਧਾਮ ਵਿੱਚ ਵਿਸਾਖੀ ਦੇ ਮੇਲੇ ਦੌਰਾਨ ਮੋਢਾ ਨਾਲ ਮੋਢਾ ਖਹਿਣ ਮਗਰੋਂ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਰਾਜੂ (30) ਪੁੱਤਰ ਪੁੱਤਰ ਭੀਮ ਨਰਾਇਣ ਮੂਲ ਰੂਪ ਮਥੁਰਾ ਦੇ ਪਿੰਡ ਧਰੋਲੀ ਦਾ ਰਹਿਣ ਵਾਲਾ ਸੀ ਅਤੇ ਨਗਰ ਕੌਂਸਲ, ਗੁਰਦਾਸਪੁਰ ਵਿੱਚ ਠੇਕੇ ’ਤੇ ਸਫ਼ਾਈ ਸੇਵਕ ਵਜੋਂ ਤਾਇਨਾਤ ਸੀ। ਰਾਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਅਤੇ ਚਚੇਰੇ ਭਰਾਵਾਂ ਦੇ ਪਰਿਵਾਰਾਂ ਨਾਲ ਐਤਵਾਰ ਨੂੰ ਪੰਡੋਰੀ ਧਾਮ ਚੱਲ ਰਹੇ ਤਿੰਨ ਦਿਨਾਂ ਮੇਲਾ ਵੇਖਣ ਗਏ ਸਨ। ਸ਼ਾਮ 5.30 ਵਜੇ ਦੇ ਕਰੀਬ ਮੇਲੇ ਵਿੱਚ ਉਨ੍ਹਾਂ ਨਾਲ ਮੌਜੂਦ 15 ਸਾਲ ਦੇ ਬੱਚੇ ਦਾ ਕਿਸੇ ਨੌਜਵਾਨ ਨਾਲ ਮੋਢਾ ਵੱਜ ਗਿਆ।

ਇਸ ਮਗਰੋਂ ਅੱਧੀ ਦਰਜਨ ਨੌਜਵਾਨਾਂ ਨੇ ਰਾਜੂ ਦੇ ਪਰਿਵਾਰ ਨੂੰ ਗਾਲਾਂ ਕੱਢੀਆਂ। ਰਾਹੁਲ ਅਨੁਸਾਰ ਉਨ੍ਹਾਂ ਨੌਜਵਾਨਾਂ ਤੋਂ ਮੁਆਫ਼ੀ ਵੀ ਮੰਗੀ ਪਰ ਇੱਕ ਨੌਜਵਾਨ ਨੇ ਦਾਤਰ ਨਾਲ ਹਮਲਾ ਕਰ ਕੇ ਰਾਜੂ ਦਾ ਗਲ਼ਾ ਵੱਢ ਦਿੱਤਾ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮੌਕੇ ’ਤੇ ਪੁਲੀਸ ਕਰਮਚਾਰੀ ਵੀ ਮੌਜੂਦ ਸਨ ਪਰ ਉਨ੍ਹਾਂ ਦਖ਼ਲ ਅੰਦਾਜ਼ੀ ਨਹੀਂ ਕੀਤੀ ਅਤੇ ਨਾ ਹੀ ਜ਼ਖ਼ਮੀ ਰਾਜੂ ਨੂੰ ਹਸਪਤਾਲ ਪਹੁੰਚਾਉਣ ਵਿੱਚ ਕੋਈ ਮਦਦ ਕੀਤੀ। ਗੰਭੀਰ ਹਾਲਤ ਵਿੱਚ ਜ਼ਖ਼ਮੀ ਰਾਜੂ ਨੂੰ ਉਹ ਆਪ ਮੋਟਰਸਾਈਕਲ ’ਤੇ ਨਿੱਜੀ ਹਸਪਤਾਲ ਲੈ ਕੇ ਗਿਆ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਸਰਕਾਰੀ ਹਸਪਤਾਲ ਵਿੱਚੋਂ ਵੀ ਉਸ ਨੂੰ ਇੱਕ ਹੋਰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਹ ਦਮ ਤੋੜ ਗਿਆ। ਦੱਸਣਯੋਗ ਹੈ ਕਿ ਰਾਜੂ ਦਾ ਪਿਤਾ ਭੀਮ ਨਰਾਇਣ ਕਈ ਸਾਲ ਪਹਿਲਾਂ ਪਰਿਵਾਰ ਸਮੇਤ ਗੁਰਦਾਸਪੁਰ ਦੇ ਪਿੰਡ ਰਾਮ ਨਗਰ ਵਿੱਚ ਵੱਸ ਗਿਆ ਸੀ। ਭੀਮ ਨਰਾਇਣ ਵੀ ਨਗਰ ਕੌਂਸਲ ਵਿੱਚ ਨੌਕਰੀ ਕਰਦਾ ਸੀ।

LEAVE A REPLY

Please enter your comment!
Please enter your name here