ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 28 ਫਰਵਰੀ

ਇੱਥੋਂ ਦੇ ਸੈਕਟਰ-79 ਸਥਿਤ ਇਕ ਢਾਬੇ ਉੱਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਸੋਹਾਣਾ ਥਾਣੇ ਵਿੱਚ ਢਾਬੇ ਦੇ ਮੈਨੇਜਰ ਦੇਵ ਸਿੰਘ ਰਾਵਤ ਵਾਸੀ ਪਿੰਡ ਸੋਲੋਆ, ਗੜ੍ਹਵਾਲ (ਉੱਤਰਾਖੰਡ) ਦੇ ਬਿਆਨਾਂ ਨੂੰ ਆਧਾਰ ਬਣਾ ਕੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅੱਜ ਦੂਜੇ ਦਿਨ ਵੀ ਹਮਲਾਵਰਾਂ ਖ਼ਿਲਾਫ਼ ਪੁਲੀਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਾ।

ਉੱਧਰ, ਮੁਹਾਲੀ ਪੁਲੀਸ ਅਤੇ ਢਾਬੇ ਦੇ ਮਾਲਕ ਦੇ ਦੱਸਣ ਅਨੁਸਾਰ ਇਸ ਘਟਨਾਕ੍ਰਮ ਨਾਲ ਗੀਤਕਾਰ ਬੰਟੀ ਬੈਂਸ (ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ) ਦਾ ਕੋਈ ਲੈਣਾ-ਦੇਣਾ ਨਹੀਂ ਹੈ। ਢਾਬੇ ’ਤੇ ਇਹ ਹਮਲਾ ਸਿਰਫ਼ ਦਹਿਸ਼ਤ ਫੈਲਾਉਣ ਲਈ ਕੀਤਾ ਗਿਆ ਹੈ ਕਿਉਂਕਿ ਦੋ ਤਿੰਨ ਪਹਿਲਾਂ ਹੀ ਗੈਂਗਸਟਰ ਲੱਕੀ ਪਟਿਆਲ ਨੇ ਢਾਬੇ ਦੇ ਮਾਲਕ ਪਰਮਿੰਦਰ ਸਿੰਘ ਨੂੰ ਵੱਟਸਐਪ ਨੰਬਰ ’ਤੇ ਫੋਨ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਪ੍ਰੰਤੂ ਢਾਬੇ ਦੇ ਮਾਲਕ ਨੇ ਫਿਰੌਤੀ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਸੀ, ਜਿਸ ਕਾਰਨ ਗੈਂਗਸਟਰ ਲੱਕੀ ਪਟਿਆਲ ਦੇ ਕਰਿੰਦਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਂਜ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਵਾਰਦਾਤ ਤੋਂ ਪਹਿਲਾਂ ਬੰਟੀ ਬੈਂਸ ਉੱਥੇ ਆਇਆ ਜ਼ਰੂਰ ਸੀ। ਉਹ ਢਾਬਾ ਮਾਲਕ ਦਾ ਦੋਸਤ ਹੈ। ਢਾਬੇ ਦੇ ਮੈਨੇਜਰ ਦੇਵ ਸਿੰਘ ਰਾਵਤ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਉਹ ਲੰਘੀ 26 ਫਰਵਰੀ ਦੀ ਰਾਤ ਨੂੰ 12.45 ਵਜੇ ਰੋਜ਼ਾਨਾ ਵਾਂਗ ਢਾਬਾ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ। ਅਗਲੇ ਦਿਨ ਯਾਨੀ ਮੰਗਲਵਾਰ ਨੂੰ ਸਵੇਰੇ ਕਰੀਬ 10 ਵਜੇ ਜਦੋਂ ਢਾਬਾ ਖੋਲ੍ਹਣ ਆਇਆ ਤਾਂ ਉਸ ਨੇ ਦੇਖਿਆ ਕਿ ਫਰੰਟ ਵਾਲਾ ਸ਼ੀਸ਼ਾ ਗੋਲੀਆਂ ਲੱਗਣ ਕਾਰਨ ਤਿੜਕਿਆ ਹੋਇਆ ਸੀ। ਇੱਕ ਗੋਲੀ ਕੰਧ ਵਿੱਚ ਲੱਗੀ ਹੋਈ ਸੀ। ਉਂਜ ਇਸ ਵਾਰਦਾਤ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ, ਉਸ ਸਮੇਂ ਢਾਬਾ ਬੰਦ ਸੀ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਸ ਨੇ ਤੁਰੰਤ ਢਾਬੇ ਦੇ ਮਾਲਕ ਪਰਮਿੰਦਰ ਸਿੰਘ ਨੂੰ ਫੋਨ ’ਤੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਪੁਲੀਸ ਕੰਟਰੋਲ ਰੂਮ ਨੂੰ ਵਾਰਦਾਤ ਬਾਰੇ ਸੂਚਨਾ ਦਿੱਤੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਮਿੰਦਰ ਸਿੰਘ ਨੇ ਪੁਲੀਸ ਨੂੰ ਫਿਰੌਤੀ ਮੰਗਣ ਦੀ ਗੱਲ ਦੱਸੀ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਪੂਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਡੀਐਸਪੀ ਬੱਲ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here