ਨਵੀਂ ਦਿੱਲੀ, 21 ਅਪਰੈਲ

ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਯੂਟੀਜ਼ ਨੂੰ ਗੈਰ-ਕਾਨੂੰਨੀ ਢੰਗ ਨਾਲ ਅੰਗ ਬਦਲਣ (ਟਰਾਂਸਪਲਾਟ) ਵਾਲੇ ਹਸਪਤਾਲਾਂ ਖ਼ਿਲਾਫ਼ ਕਾਰਵਾਈ ਕਰਨ ਲਈ ਆਖਿਆ ਹੈ ਜਿਸ ਤਹਿਤ ਉਨ੍ਹਾਂ ਦੀ ਰਜਿਸਟਰੇਸ਼ਨ ਰੱਦ ਕਰਨਾ ਤੱਕ ਸ਼ਾਮਲ ਹੈ। ਸਾਰੇ ਸੂਬਿਆਂ ਅਤੇ ਯੂਟੀਜ਼ ਨੂੰ ਲਿਖੇ ਪੱਤਰਾਂ ਵਿੱਚ ਡੀਜੀਐੱਚਐੱਸ ਦੇ ਨਿਰਦੇਸ਼ਕ ਡਾ. ਅਤੁਲ ਗੋਇਲ ਨੇ ਟਰਾਂਸਪਲਾਂਟ ਕੇਸਾਂ ਦਾ ਡਾਟਾ ਤਿਆਰ ਕਰ ਕੇ ‘ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ’ (ਨੋਟੋ) ਨਾਲ ਸਾਂਝਾ ਕਰਨਾ ਯਕੀਨੀ ਬਣਾਉਣ ਲਈ ਕਿਹਾ ਹੈ। ਸਿਹਤ ਮੰਤਰਾਲੇ ਵੱਲੋਂ ਇਹ ਹੁਕਮ ਹਰਿਆਣਾ ਅਤੇ ਰਾਜਸਥਾਨ ਵਿੱਚ ਅੰਗਾਂ ਦੀ ਤਸਕਰੀ ਕਰਨ ਵਾਲੇ ਇੱਕ ਰੈਕੇਟ ਦਾ ਖੁਲਾਸਾ ਹੋਣ ਦੇ ਦੋ ਹਫ਼ਤੇ ਮਗਰੋਂ ਦਿੱਤਾ ਗਿਆ ਹੈ, ਜਿਸ ਵਿੱਚ ਬੰਗਲਾਦੇਸ਼ ਦੇ ਵਸਨੀਕ ਸ਼ਾਮਲ ਸਨ। ਦੂਜੇ ਮੁਲਕਾਂ ਦੇ ਨਾਗਰਿਕਾਂ ਦੇ ਅੰਗ ਬਦਲਣ ’ਚ ਹੋ ਰਹੇ ਵਪਾਰਕ ਸੌਦਿਆਂ ਸਬੰਧੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਡਾ. ਗੋਇਲ ਨੇ ਕਿਹਾ,‘ਨੋਟੋ ਦੇ ਧਿਆਨ ਵਿੱਚ ਇਹ ਗੱਲ ਵੀ ਆਈ ਹੈ ਕਿ ਭਾਰਤ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਟਰਾਂਸਪਲਾਂਟ ਅਪਰੇਸ਼ਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਸੂਬਿਆਂ ਤੇ ਯੂਟੀਜ਼ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਅਜਿਹੇ ਕੇਸਾਂ ਦੀ ਜਾਂਚ ਜ਼ਰੂਰੀ ਹੈ।’ ਉਨ੍ਹਾਂ 10 ਅਪਰੈਲ ਨੂੰ ਜਾਰੀ ਕੀਤੇ ਪੱਤਰ ਰਾਹੀਂ ਕਿਹਾ ਕਿ ਸੂਬਿਆਂ ’ਚ ਸਬੰਧਤ ਸੰਸਥਾਵਾਂ ਨੂੰ ਸਬੰਧਤ ਕੇਸਾਂ ਦੀ ਜਾਂਚ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here